ਕਰਾਚੀ: ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਿੱਤ ਨਵੇਂ ਕਾਰਨਾਮੇ ਕਰ ਰਹੇ ਹਨ। ਹੁਣ ਉਨ੍ਹਾਂ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਪਾਕਿਸਤਾਨ ਵਿੱਚ ਜਨਮੇ ਸਾਰੇ ਅਫ਼ਗ਼ਾਨ ਤੇ ਬੰਗਲਾਦੇਸ਼ੀ ਸ਼ਰਨਾਰਥੀਆਂ ਨੂੰ ਪਾਕਿਸਤਾਨ ਦੀ ਨਾਗਰਿਕਤਾ ਦਏਗੀ। 'ਐਕਸਪ੍ਰੈਸ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਸਰਕਾਰ ਬਣਨ ਬਾਅਦ ਐਤਵਾਰ ਨੂੰ ਆਪਣੇ ਪਹਿਲੇ ਦੌਰੇ ’ਤੇ ਕਰਾਚੀ ਪੁੱਜੇ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਵਿੱਚ ਜਨਮੇ ਸਾਰੇ ਅਫ਼ਗ਼ਾਨ ਤੇ ਬੰਗਲਾਦੇਸ਼ੀ ਸ਼ਰਨਾਰਥੀਆਂ ਨੂੰ ਨੈਸ਼ਨਲ ਆਈਡੈਂਟਿਟੀ ਕਾਰਡ (NIC) ਤੇ ਪਾਸਪੋਰਟ ਦਿੱਤੇ ਜਾਣਗੇ।

ਮੀਡੀਆ ਰਿਪੋਰਟਾਂ ਮੁਤਾਬਕ ਪੀਐਮ ਇਮਰਾਨ ਖ਼ਾਨ ਨੇ ਕਿਹਾ ਕਿ ਬੰਗਲਾਦੇਸ਼ ਤੋਂ ਆਏ ਇਹ ਗ਼ਰੀਬ ਪਰਵਾਸੀ 40 ਤੋਂ ਵੀ ਵੱਧ ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਹੁਣ ਉਨ੍ਹਾਂ ਦੇ ਬੱਚੇ ਵੀ ਕਾਫੀ ਵੱਡੇ ਹੋ ਗਏ ਹਨ। ਇਸ ਲਈ ਉਹ ਉਨ੍ਹਾਂ ਨੂੰ ਪਾਕਿਸਤਾਨ ਦੀ ਨਾਗਰਿਕਤਾ ਦੇ ਦੇਣਗੇ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (UNHRC) ਮੁਤਾਬਕ ਪਾਕਿਸਤਾਨ ਵਿੱਚ 13.9 ਲੱਖ ਤੋਂ ਵੱਧ ਅਫ਼ਗ਼ਾਨ ਸ਼ਰਨਾਰਥੀ ਹਨ। ਇਸ ਤੋਂ ਇਲਾਵਾ ਇੱਥੇ ਦੋ ਲੱਖ ਬੰਗਲਾਦੇਸ਼ੀ ਵੀ ਰਹਿ ਰਹੇ ਹਨ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਫ਼ਗ਼ਾਨਿਸਤਾਨ ਦੀ ਯਾਤਰਾ ’ਤੇ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕੀਤੀ ਸੀ। ਦੋਵਾਂ ਦੇਸ਼ਾਂ ਨੇ ਨਵੇਂ ਵਪਾਰਕ ਸੰਵਾਦ ਪ੍ਰਤੀ ਵਚਨਬੱਧਤਾ ਜਤਾਈ ਸੀ।