ਇਸਲਾਮਾਬਾਦ: ਪਾਕਿਸਤਾਨ ਸਰਕਾਰ 'ਚ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੱਤਾ ਸੰਭਾਲਦਿਆਂ ਆਪਣੇ ਵਾਅਦੇ ਨਿਭਾਉਣੇ ਸ਼ੁਰੂ ਕਰ ਦਿੱਤੇ ਹਨ। ਪੈਸਿਆਂ ਦੀ ਕਮੀ ਪੂਰੀ ਕਰਨ ਲਈ ਪ੍ਰਧਾਨ ਮੰਤਰੀ ਰਿਹਾਇਸ਼ ਦੀਆਂ 102 ਲਗਜ਼ਰੀ ਕਾਰਾਂ 'ਚੋਂ 70 ਕਾਰਾਂ ਦੀ ਸੋਮਵਾਰ ਨੀਲਾਮੀ ਕੀਤੀ ਗਈ। ਇਸ ਨੀਲਾਮੀ ਤੋਂ ਦੇਸ਼ ਦੀ ਸਰਕਾਰ ਨੂੰ 7,39,11,000.00 ਪਾਕਿਸਤਾਨੀ ਰੁਪਏ ਹਾਸਲ ਹੋਏ।


ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਕਾਰਾਂ ਦੀ ਬਾਜ਼ਾਰ ਨਾਲੋਂ ਵੱਧ ਕੀਮਤ ਮਿਲੀ। ਹੁਣ ਪ੍ਰਧਾਨ ਮੰਤਰੀ ਰਿਹਾਇਸ਼ ਦੀਆਂ 8 ਮੱਝਾਂ ਵੇਚਣ ਦੀ ਯੋਜਨਾ ਹੈ। ਖਾਨ ਦੇ ਕਰੀਬੀ ਸਹਿਯੋਗੀ ਨੇ ਪਿਛਲੇ ਹਫਤੇ ਦੱਸਿਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਰਿਹਾਇਸ਼ 'ਚ 8 ਮੱਝਾਂ ਪਾਲ ਰੱਖੀਆਂ ਸਨ, ਇਨ੍ਹਾਂ ਨੂੰ ਵੀ ਨੀਲਾਮ ਕੀਤਾ ਜਾਵੇਗਾ।


ਪਾਕਿਸਤਾਨ ਸਰਕਾਰ ਤੇ ਕਰਜ ਤੇ ਦੇਣਦਾਰੀਆਂ ਦਾ ਭਾਰੀ ਬੋਝ ਹੈ। ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਨਈਮ-ਉਲ-ਹਕ ਨੇ ਕਿਹਾ ਕਿ ਸਰਕਾਰ ਮੰਤਰੀ ਮੰਡਲ ਦੇ ਉਪਯੋਗ ਲਈ ਰੱਖੇ ਗਏ ਚਾਰ ਹੈਲੀਕਾਪਟਰ ਵੀ ਨੀਲਾਮ ਕਰੇਗੀ ਕਿਉਂਕਿ ਇਨ੍ਹਾਂ ਦੀ ਵਰਤੋਂ ਨਹੀਂ ਹੋ ਰਹੀ।


ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਪਹਿਲੇ ਗੇੜ 'ਚ 70 ਕਾਰਾਂ ਵੇਚੀਆਂ ਜਾ ਚੁੱਕੀਆਂ ਹਨ। ਚੌਧਰੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਕਾਰਾਂ ਨੂੰ ਬਾਜ਼ਾਰ ਤੋਂ ਜ਼ਿਆਦਾ ਕੀਮਤ 'ਤੇ ਵੇਚਿਆ ਗਿਆ ਹੈ। ਇਨ੍ਹਾਂ 'ਚ ਮਰਸਡੀਜ਼ ਬੈਂਜ਼ ਦੇ ਚਾਰ ਨਵੇਂ ਮਾਡਲ, ਅੱਠ ਬੁਲੇਟ ਪਰੂਫ ਬੀਐਮਡਬਲਯੂ, ਤਿੰਨ 5000 ਸੀਸੀ ਐਸਯੂਵੀ ਤੇ ਦੋ 3000 ਸੀਸੀ ਐਸਯੂਵੂ ਸ਼ਾਮਲ ਹਨ।


ਜ਼ਿਕਰਯੋਗ ਹੈ ਕਿ ਪਾਕਿਸਤਾਨ ਦਾ ਕੁੱਲ ਕਰਜ਼ਾ ਵਧਕੇ ਪਿਛਲੇ ਵਿੱਤੀ ਸਾਲ ਦੇ ਅੰਤ ਤੱਕ ਕਰੀਬ 30 ਹਜ਼ਾਰ ਅਰਬ ਰੁਪਏ ਤੱਕ ਪਹੁੰਚ ਗਿਆ ਹੈ ਜੋ ਕਿ ਪਾਕਿਸਤਾਨ ਜੀ ਜੀਡੀਪੀ ਦਾ 87 ਪ੍ਰਤੀਸ਼ਤ ਹੈ।