ਵਾਸ਼ਿੰਗਟਨ: ਅਮਰੀਕਾ ਤੇ ਚੀਨ ਵਿਚਾਲੇ ਵਪਾਰਕ ਜੰਗ ਹੋਰ ਤਿੱਖੀ ਹੁੰਦੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 200 ਅਰਬ ਡਾਲਰ ਦੇ ਚੀਨੀ ਉਤਪਾਦਾਂ ’ਤੇ 10 ਫੀਸਦੀ ਆਯਾਤ ਟੈਕਸ ਲਾਉਣ ਦਾ ਫੈਸਲਾ ਕੀਤਾ ਹੈ। ਇਹ ਟੈਕਸ ਮਹੀਨੇ ਦੇ ਅੰਤ ਤਕ ਲਾਏ ਜਾ ਸਕਦੇ ਹਨ ਜਦਕਿ ਇਸ ਸਾਲ ਦੇ ਅਖ਼ੀਰ ਤਕ ਇਸ ਨੂੰ ਵਧਾ ਕੇ 25 ਫ਼ੀਸਦੀ ਕੀਤੇ ਜਾਣ ਦਾ ਖ਼ਦਸ਼ਾ ਹੈ। ਟਰੰਪ ਦੇ ਇਸ ਕਦਮ ਨਾਲ ਚੀਨ ਨਾਲ ਅਮਰੀਕਾ ਦੀ ਵਪਾਰਕ ਜੰਗ ਹੋਰ ਵੀ ਤੇਜ਼ ਹੋ ਗਈ ਹੈ।

CNN ਮੁਤਾਬਕ ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਕਿਹਾ ਕਿ ਇਹ ਵਾਧੂ ਆਯਾਤ ਟੈਕਸ 24 ਸਤੰਬਰ ਤੋਂ ਚਾਲੂ ਹੋਏਗਾ। ਇਸ ਤੋਂ ਪਹਿਲਾਂ ਇਸ ਸਾਲ ਦੀ ਸ਼ੁਰੂਆਤ ਵਿੱਚ ਅਮਰੀਕਾ ਚੀਨ ਦੇ 50 ਅਰਬ ਡਾਲਰ ਦੇ ਉਤਪਾਦਾਂ ’ਤੇ ਵੀ ਟੈਕਸ ਲਾ ਚੁੱਕਿਆ ਹੈ। ਇਸ ਤਰ੍ਹਾਂ ਕੁੱਲ ਮਿਲਾ ਕਿ ਹਰ ਸਾਲ ਅਮਰੀਕਾ ਵਿੱਚ ਵਿਕਣ ਵਾਲੇ ਚੀਨੀ ਉਤਪਾਦਾਂ ’ਤੇ ਬਹੁਤ ਮਾੜਾ ਅਸਰ ਪਏਗਾ।

ਪਿਛਲੇ ਮਹੀਲੇ ਅਮਰੀਕਾ ਤੇ ਚੀਨ ਇੱਕ ਦੂਜੇ ’ਤੇ 16 ਅਰਬ ਡਾਲਰ ਕੀਮਤ ਦੇ ਸਾਮਾਨ ’ਤੇ 25 ਫੀਸਦੀ ਵਾਧੂ ਟੈਰਿਫ ਲਾ ਚੁੱਕੇ ਹਨ। ਹੁਣ ਤਕ ਦੋਵਾਂ ਦੇਸ਼ਾਂ ਨੇ ਕੁੱਲ 100 ਅਰਬ ਡਾਲਰ ਦੀਆਂ ਚੀਜ਼ਾਂ ’ਤੇ ਵਾਧੂ ਟੈਕਸ ਲਾਇਆ ਹੈ। ਚੀਨ ਦੇ ਉਪ ਵਣਜ ਮੰਤਰੀ ਵਾਂਗ ਸ਼ੌਵੇਨ ਦੋਵਾਂ ਦੇਸ਼ਾਂ ਦੀ ਵਪਾਰਕ ਜੰਗ ਖ਼ਤਮ ਕਰਨ ਲਈ ਪਿਛਲੇ ਮਹੀਨੇ ਅਮਰੀਕਾ ਗਏ ਸਨ ਪਰ ਉਨ੍ਹਾਂ ਦੀ ਕੋਸ਼ਿਸ਼ ਕਾਮਯਾਬ ਨਹੀਂ ਰਹੀ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਦੇ ਤਹਿਤ ਜੁਲਾਈ ਵਿੱਚ ਇਸ ਵਿਵਾਦ ਦੀ ਸ਼ੁਰੂਆਤ ਕੀਤੀ ਸੀ। ਉਹ ਚੀਨ ’ਤੇ ਗ਼ਲਤ ਤਰੀਕੇ ਨਾਲ ਵਪਾਰ ਕਰਨ ਦਾ ਇਲਜ਼ਾਮ ਲਾਉਂਦੇ ਹਨ। ਇਸ ਵਿੱਚ ਬੌਧਿਕ ਜਾਇਦਾਦ (ਇੰਟੇਲੈਕਚੁਅਲ ਪ੍ਰੌਪਰਟੀ) ਨੂੰ ਚੋਰੀ ਕਰਨ ਦਾ ਮਾਮਲਾ ਵੀ ਸ਼ਾਮਲ ਹੈ। ਪਰ ਚੀਨ ਇਹ ਸਭ ਇਲਜ਼ਾਮਾਂ ਤੋਂ ਇਨਕਾਰ ਕਰਦਾ ਹੈ।