ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਉਨ੍ਹਾਂ ਦੀ ਬੇਟੀ ਮਰੀਅਮ ਤੇ ਜਵਾਈ ਮੁਹੰਮਦ ਸਫਦਰ ਪੰਜ ਦਿਨਾਂ ਦੀ ਪੈਰੋਲ ਪੂਰੀ ਹੋ ਜਾਣ 'ਤੇ ਸੋਮਵਾਰ ਵਾਪਸ ਜੇਲ੍ਹ ਪਹੁੰਚ ਗਏ। ਪੈਰੋਲ ਉਨ੍ਹਾਂ ਨੂੰ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਦੀਆਂ ਅੰਤਿਮ ਰਸਮਾਂ 'ਚ ਸ਼ਾਮਿਲ ਹੋਣ ਲਈ ਮਿਲੀ ਸੀ।


ਤਿੰਨਾਂ ਦੀ ਪੈਰੋਲ ਕੱਲ੍ਹ ਸ਼ਾਮ 4 ਵਜੇ ਸਮਾਪਤ ਹੋਈ ਤੇ ਤਿੰਨਾਂ ਨੂੰ ਸਖ਼ਤ ਸੁਰੱਖਿਆ ਹੇਠ ਜੇਲ੍ਹ ਭੇਜਿਆ ਗਿਆ। ਸੂਤਰਾਂ ਮੁਤਾਬਕ ਤਿੰਨਾਂ ਨੂੰ ਵਿਸ਼ੇਸ਼ ਉਡਾਣ ਰਾਹੀਂ ਲਾਹੌਰ ਤੋਂ ਰਾਵਲਪਿੰਡੀ ਲਿਜਾਇਆ ਗਿਆ। ਸ਼ਰੀਫ ਪਰਿਵਾਰ ਦੇ ਤਿੰਨ ਮੈਂਬਰਾਂ ਹਮਜਾ ਸ਼ਾਹਬਾਜ, ਸਲਮਾਨ ਤੇ ਯੂਸੁਫ ਅੱਬਾਸ ਨੂੰ ਉਨ੍ਹਾਂ ਨਾਲ ਲਾਹੌਰ ਹਵਾਈ ਅੱਡੇ ਦੇ ਅੰਦਰ ਜਾਣ ਦੀ ਆਗਿਆ ਦਿੱਤੀ ਗਈ ਸੀ।


ਦਿਨ ਦੀ ਸ਼ੁਰੂਆਤ 'ਚ ਸ਼ਰੀਫ ਪਰਿਵਾਰ ਦੇ ਮੈਂਬਰ ਕੁਲਸੁਮ ਦੀ ਕਬਰ 'ਤੇ ਗਏ। ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਦੀ ਪਤਨੀ ਕੁਲਸੁਮ ਦਾ ਪਿਛਲੇ ਹਫਤੇ ਕੈਂਸਰ ਕਾਰਨ ਲੰਦਨ 'ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ 14 ਸਤੰਬਰ ਨੂੰ ਲਾਹੌਰ 'ਚ ਸਪੁਰਦ-ਏ-ਖਾਕ ਕੀਤਾ ਗਿਆ ਸੀ।