ਆਖਰ ਮੋਦੀ ਸਰਕਾਰ ਨੇ ਕਬੂਲਿਆ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਕਹਿਰ ਦਾ ਸੱਚ
ਏਬੀਪੀ ਸਾਂਝਾ | 19 Sep 2018 02:04 PM (IST)
ਪੁਰਾਣੀ ਤਸਵੀਰ
ਮੁੰਬਈ: ਦੇਸ਼ ਵਿੱਚ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਜਿੱਥੇ ਲੋਕ ਬੇਹੱਦ ਰੋਹ ਵਿੱਚ ਹਨ, ਉੱਥੇ ਹੁਣ ਇਸ ਦਾ ਸੇਕ ਸਰਕਾਰ ਦੇ ਮੰਤਰੀ ਵੀ ਤਕ ਵੀ ਪੁੱਜਣਾ ਸ਼ੁਰੂ ਹੋ ਗਿਆ ਹੈ। ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਆਖਰ ਮੰਨ ਹੀ ਲਿਆ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਾਫੀ ਉੱਚੀਆਂ ਹੋ ਚੁੱਕੀਆਂ ਹਨ। ਤੇਲ ਦੀਆਂ ਕੀਮਤਾਂ ਲਗਾਤਾਰ ਵਧਣ ਨਾਲ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਮੁੰਬਈ ਵਿੱਚ ਪੈਟਰੋਲ ਦੀ ਕੀਮਤ 89.54 ਰੁਪਏ ਤਕ ਪਹੁੰਚ ਚੁੱਕੀ ਹੈ ਤੇ ਡੀਜ਼ਲ 78.42 ਰੁਪਏ ਫੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਮਹਾਰਾਸ਼ਟਰ ਦੇ ਦਰਜਣ ਤੋਂ ਵੱਧ ਸ਼ਹਿਰਾਂ ਵਿੱਚ ਪੈਟਰੋਲ 90 ਤੇ 91 ਰੁਪਏ ਤੇ ਡੀਜ਼ਲ 80 ਰੁਪਏ ਫ਼ੀ ਲੀਟਰ ਦਾ ਅੰਕੜਾ ਪਾਰ ਕਰ ਚੁੱਕਾ ਹੈ। ਗਡਕਰੀ ਨੇ ਤੀਜੇ ਬਲੂਮਬਰਗ ਇੰਡੀਆ ਇਕਨਾਮਿਕ ਫੋਰਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਸਮੇਂ ਤੇਲ ਦੇ ਭਾਅ ਕਾਫੀ ਜ਼ਿਆਦਾ ਹਨ। ਇਹ ਅਜਿਹੀ ਸਥਿਤੀ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਤਰੀ ਨੇ ਆਸ ਜਤਾਈ ਕਿ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਛੇਤੀ ਹੀ ਹੇਠਾਂ ਆ ਜਾਣਗੀਆਂ। ਤੇਲ ਦੀਆਂ ਕੀਮਤਾਂ ਅੰਬਰੀਂ ਛੂਹਣ ਦੇ ਬਾਵਜੂਦ ਗਡਕਰੀ ਨੇ ਅਗਲੇ ਸਾਲ ਬੀਜੇਪੀ ਦੀ ਸਰਕਾਰ ਬਣਨ ਦਾ ਦਾਅਵਾ ਵੀ ਕੀਤਾ। ਹਾਲਾਂਕਿ, ਉਨ੍ਹਾਂ ਮੋਦੀ ਨੂੰ ਹੀ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਤੇ ਇਸ ਅਹੁਦੇ ਲਈ ਆਪਣੀ ਦਾਅਵੇਦਾਰੀ ਤੋਂ ਇਨਕਾਰ ਕਰ ਦਿੱਤਾ।