ਜਲੰਧਰ: ਹਿਮਾਚਲ ਪ੍ਰਦੇਸ਼ ਦੇ ਪੌਂਗ ਡੈਮ ਇਲਾਕੇ 'ਚ ਬਹੁਤ ਸਾਰੇ ਪ੍ਰਵਾਸੀ ਪੰਛੀਆਂ ਦੇ ਮਾਰੇ ਜਾਣ ਦੀ ਖ਼ਬਰ ਮਗਰੋਂ ਚਾਰੇ ਪਾਸੇ ਬਰਡ ਫਲੂ ਦਾ ਰੌਲਾ ਹੈ। ਹੁਣ ਤੱਕ, ਜੇ ਅਸੀਂ ਗੱਲ ਕਰੀਏ ਤਾਂ ਇੱਥੇ ਤਕਰੀਬਨ 2300 ਪੰਛੀਆਂ ਦੇ ਮਰਨ ਦੀਆਂ ਖਬਰਾਂ ਮਿਲੀਆਂ ਹਨ। ਇਹ ਸਾਰੇ ਪੰਛੀ ਜੰਗਲੀ ਜੀਵਨ ਅੰਦਰ ਪਾਏ ਗਏ ਹਨ। ਇਸ ਦੀ ਰਿਪੋਰਟ ਜਲੰਧਰ ਦੀ ਲੈਬਰੋਟਰੀ ਤੋਂ ਆਈ ਹੈ। ਜਲੰਧਰ ਦੇ Northern Regional Disease Diagnostic Laboratory 'ਚ ਇਨ੍ਹਾਂ ਪੰਛੀਆਂ ਦੀ ਮੌਤ ਦਾ ਕਾਰਨ ਜਾਣਨ ਲਈ ਟੈਸਟ ਜਾਰੀ ਹਨ।

NRDDL ਦੇ ਡਿਪਟੀ ਡਾਇਰੈਕਟਰ ਮਹਿੰਦਰ ਪਾਲ ਸਿੰਘ ਮੁਤਾਬਕ 30 ਦਸੰਬਰ ਨੂੰ ਉਨ੍ਹਾਂ ਕੋਲ ਕੁਝ ਪ੍ਰਵਾਸੀ ਪੰਛੀਆਂ ਦੇ ਸੈਂਪਲ ਆਏ ਸੀ ਤੇ 31 ਦਸੰਬਰ ਨੂੰ ਉਨ੍ਹਾਂ ਪੰਛੀਆਂ ਦੀ ਰਿਪੋਰਟ ਵਿੱਚ ਬਰਡ ਫਲੂ ਪੌਜ਼ੇਟਿਵ ਪਾਇਆ ਗਿਆ ਸੀ। ਇਸ ਮਗਰੋਂ ਇਹ ਸੈਂਪਲ ਭੁਪਾਲ ਸਥਿਤ ਲੈਬ 'ਚ ਜਾਂਚ ਲਈ ਭੇਜੇ ਗਏ ਤੇ ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਕਾਂਗੜਾ ਸਥਿਤ ਵਾਇਲਡ ਲਾਈਫ ਦੇ ਆਸ ਪਾਸ ਵਾਲੇ ਇਲਾਕੇ ਨੂੰ ਸੂਚਿਤ ਕਰ ਉੱਥੇ ਆਵਾਜਾਈ ਤੇ ਪੂਰਨ ਰੂਪ 'ਚ ਰੋਕ ਲਾ ਦਿੱਤੀ। ਮਹਿੰਦਰ ਪਾਲ ਨੇ ਇਹ ਵੀ ਕਿਹਾ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਇਹ ਸਾਰੇ ਪ੍ਰਵਾਸੀ ਪੰਛੀ ਹਨ ਤੇ ਦੇਸੀ ਪੰਛੀਆਂ ਵਿੱਚ ਇਹ ਲੱਛਣ ਨਹੀਂ ਹਨ।

NRDDL ਦੇ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਰੁਟੀਨ ਵਿੱਚ ਅਜਿਹੇ ਪ੍ਰਵਾਸੀ ਪੰਛੀ ਆਉਂਦੇ ਰਹਿੰਦੇ ਹਨ। ਸਾਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਕਾਂਗੜਾ ਵਾਇਲਡ ਲਾਈਫ ਨੂੰ ਸਰਕਾਰ ਦੇ ਆਦੇਸ਼ਾਂ ਮਗਰੋਂ ਕੁਆਰੰਟੀਨ ਕਰ ਦਿੱਤਾ ਗਿਆ ਹੈ।