ਅੰਮ੍ਰਿਤਸਰ: 6000 ਕਰੋੜੀ ਕੌਮਾਂਤਰੀ ਨਸ਼ਾ ਤਸਕਰੀ ਮਾਮਲੇ ਵਿੱਚੋਂ ਬਰੀ ਹੋਏ ਬਿੱਟੂ ਔਲਖ ਦੇ ਪਰਿਵਾਰ ਨੂੰ ਸੁੱਖ ਦਾ ਸਾਹ ਆਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਜ਼ਿੰਦਗੀ ਦੇ ਕੀਮਤੀ ਵਰ੍ਹੇ ਬਰਬਾਦ ਹੋਣ ਦਾ ਦੁੱਖ ਵੀ ਹੈ। ਬਿੱਟੂ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਿੱਟੂ ਦੀ ਰਿਹਾਈ ਮਗਰੋਂ ਪਰਿਵਾਰ ਕਰੇਗਾ ਸਲਾਹ ਕਿ ਪੁਲਿਸ 'ਤੇ ਕੇਸ ਕਰਨਾ ਹੈ ਜਾਂ ਨਹੀਂ।

ਮਾਸਟਰ ਪ੍ਰਕਾਸ਼ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਅਜਨਾਲਾ ਪਰਿਵਾਰ ਨਾਲ ਨੇੜਤਾ ਦੀ ਕੀਮਤ ਚੁਕਾਉਣੀ ਪਈ। ਉਨ੍ਹਾਂ ਕਿਹਾ ਕਿ ਦੋ ਲੋਕਾਂ ਦੀ ਲੜਾਈ ਦੇ ਵਿੱਚ ਮੇਰੇ ਬੇਟੇ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਲੜਨ ਵਾਲੇ ਤਾਂ ਹਟ ਗਏ ਪਰ ਛੁਡਾਉਣ ਵਾਲਾ ਫਸ ਗਿਆ। ਬਿੱਟੂ ਦੇ ਪਿਤਾ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਉਨ੍ਹਾਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਤਕ ਇਨਸਾਫ਼ ਦੀ ਗੁਹਾਰ ਲਾਈ, ਪਰ ਸਾਨੂੰ ਕਿਸੇ ਨੇ ਇਨਸਾਫ ਨਹੀਂ ਦਿਵਾਇਆ। ਸਾਨੂੰ ਸਿਰਫ ਅਦਾਲਤ 'ਤੇ ਵਿਸ਼ਵਾਸ ਸੀ ਤੇ ਅਦਾਲਤ ਤੋਂ ਹੀ ਇਨਸਾਫ਼ ਮਿਲਿਆ ਹੈ।

ਬਿਕਰਮ ਮਜੀਠੀਆ ਦਾ ਨਾਮ ਲਏ ਬਗੈਰ ਬਿੱਟੂ ਔਲਖ ਪ੍ਰਕਾਸ਼ ਸਿੰਘ ਦੇ ਪਿਤਾ ਨੇ ਕਿਹਾ ਕਿ ਬਿਕਰਮ ਮਜੀਠੀਆ ਅਤੇ ਬੋਨੀ ਅਜਨਾਲਾ ਦੀ ਸਿਆਸੀ ਖਹਿਬਾਜ਼ੀ ਕਾਰਨ ਉਨ੍ਹਾਂ ਦੇ ਪੁੱਤਰ ਨੂੰ ਸਜ਼ਾ ਭੁਗਤਨੀ ਪਈ। ਮੇਰਾ ਬੇਟਾ ਵੀਰ ਸਿੰਘ ਲੋਪੋਕੇ ਦਾ ਵੀ ਹਲਕਾ ਇੰਚਾਰਜ ਸੀ ਅਤੇ ਬੋਨੀ ਅਜਨਾਲਾ ਦਾ ਵੀ ਉਹ ਨਿੱਜੀ ਤੌਰ ਤੇ ਬਿਕਰਮ ਮਜੀਠੀਆ ਨੂੰ ਵੀ ਜਾਣਦਾ ਸੀ ਤੇ ਸੁਖਬੀਰ ਬਾਦਲ ਨੂੰ ਵੀ। ਉਨ੍ਹਾਂ ਕਿਹਾ ਕਿ ਸਾਡੀ ਡਰੱਗ ਰੈਕਟ ਦੇ ਵਿੱਚ ਆਉਣ ਕਾਰਨ ਹੋਈ ਬਦਨਾਮੀ ਬਿੱਟੂ ਔਲਖ ਦੀ ਮਾਤਾ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੀ ਤੇ ਉਨ੍ਹਾਂ ਨੂੰ ਗਹਿਰਾ ਸਦਮਾ ਲੱਗਾ। ਸਾਡਾ ਪਰਿਵਾਰ ਲੰਬੇ ਸਮੇਂ ਤੋਂ ਪਿੰਡ ਵੈਰੋਕੇ ਦੀ ਸਰਪੰਚੀ ਕਰ ਰਿਹਾ ਸੀ ਪਰ ਇਸ ਕੇਸ ਵਿੱਚ ਸਾਡੀ ਬਦਨਾਮੀ ਹੋਈ।

ਬੋਨੀ ਅਜਨਾਲਾ ਸਾਬਕਾ ਵਿਧਾਇਕ ਵੱਲੋਂ ਬਿੱਟੂ ਔਲਖ ਦੇ ਹੱਕ ਵਿੱਚ ਦਿੱਤੇ ਐਫੀਡੈਵਿਟ 'ਤੇ ਪਰਕਾਸ਼ ਸਿੰਘ ਔਲਖ ਨੇ ਕਿਹਾ ਕਿ ਬੋਨੀ ਅਜਨਾਲਾ ਨੇ ਜੋ ਕਿਹਾ ਸੱਚ ਕਿਹਾ। ਬਿੱਟੂ ਔਲਖ ਦੇ ਪਿਤਾ ਨੇ ਕਿਹਾ ਕਿ ਉਹ ਡਾਕਟਰ ਅਜਨਾਲਾ ਦੇ ਨਾਲ ਅੱਜ ਵੀ ਖੜ੍ਹੇ ਹਨ ਕਿਉਂਕਿ ਉਨ੍ਹਾਂ ਦੇ ਨਾਲ ਪਰਿਵਾਰ ਨਾਲ ਵਧੀਆ ਸਬੰਧ ਹਨ।