ਚੰਡੀਗੜ੍ਹ: ਬੇਅਦਬੀ ਤੇ ਗੋਲੀ ਕਾਂਡ ਮਮਲੇ ਵਿੱਚ ਇਨਸਾਫ ਲਈ ਲਾਏ ਬਰਗਾੜੀ ਮੋਰਚੇ ਨੇ ਪੰਥਕ ਧਿਰਾਂ ਨੂੰ ਇੱਕਜੁਟ ਕਰਨ ਦੀ ਉਮੀਦ ਜਗਾਈ ਸੀ ਪਰ ਹੁਣ ਇਹ ਸੁਫਨਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਇੱਕ ਪਾਸੇ ਬਰਗਾੜੀ ਮੋਰਚੇ ਦੇ ਲੀਡਰ ਹੀ ਆਪਸ ਵਿੱਚ ਪਾਟੋਧਾੜ ਹਨ, ਉੱਥੇ ਹੀ ਦੂਜੇ ਪਾਸੇ ਲੋਕ ਸਭਾ ਚੋਣਾਂ ਲਈ ਵੀ ਸਮੂਹ ਪੰਥਕ ਧਿਰਾਂ ਵਿਚਾਲੇ ਕੋਈ ਗੱਠਜੋੜ ਨਹੀਂ ਹੋ ਰਿਹਾ।
ਯਾਦ ਰਹੇ ਬਰਗਾੜੀ ਮੋਰਚੇ ਦੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਲੀਡਰਾਂ ਤੋਂ ਇਲਾਵਾ ਪੰਜਾਬੀ ਏਕਤਾ ਪਾਰਟੀ ਤੇ ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਵੀ ਹਮਾਇਤ ਕੀਤਾ ਸੀ। ਇਸ ਤੋਂ ਇਲਾਵਾ ਸਮੂਹ ਸਿੱਖ ਸੰਗਠਨ ਵੀ ਇਸ ਮੰਚ ਉੱਪਰ ਇੱਕਜੁੱਟ ਹੋਏ ਸੀ। ਇਨ੍ਹਾਂ ਸਾਰੀਆਂ ਧਿਰਾਂ ਦੀ ਸੁਰ ਸ਼੍ਰੋਮਣੀ ਅਕਾਲੀ ਦਲ (ਬ) ਤੇ ਕਾਂਗਰਸ ਦੇ ਖਿਲਾਫ ਸੀ। ਇਸ ਲਈ ਲੱਗ ਰਿਹਾ ਸੀ ਕਿ ਇਹ ਸਾਰੀਆਂ ਧਿਰਾਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਤੇ ਕਾਂਗਰਸ ਨੂੰ ਘੇਰਨ ਲਈ ਇੱਕਜੁਟ ਹੋ ਸਕਦੀਆਂ ਹਨ।
ਹੁਣ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਪੰਜਾਬੀ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ ਤੇ ਬਸਪਾ ਨੇ ਮਿਲ ਕੇ ਗੱਠਜੋੜ ਕਰ ਲਿਆ ਹੈ ਤੇ ਪੰਥਕ ਮੋਰਚੇ ਦੇ ਲੀਡਰਾਂ ਤੋਂ ਪਾਸਾ ਵੱਟ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਵਜ੍ਹਾ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਖਾਲਿਸਤਾਨ ਦੇ ਮੁੱਦੇ ਦੀ ਪੈਰਵੀ ਕਰਨਾ ਹੈ। ਉਧਰ, ਆਮ ਆਦਮੀ ਪਾਰਟੀ ਨੇ ਅਜੇ ਤੱਕ ਕਿਸੇ ਨਾਲ ਹੱਥ ਨਹੀਂ ਮਿਲਾਇਆ। ਇਸ ਤਰ੍ਹਾਂ ਪੰਥਕ ਤੇ ਖਾਸਕਰ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਬਾਗੀ ਵੋਟ ਵੰਡੀ ਜਾਵੇਗੀ ਜਿਸ ਦਾ ਫਾਇਦ ਕਾਂਗਰਸ ਤੇ ਅਕਾਲੀ ਦਲ ਨੂੰ ਹੀ ਹੋਏਗਾ।
ਯਾਦ ਰਹੇ ਬਰਗਾੜੀ ਮੋਰਚੇ ਵਿੱਚ ਯੂਨਾਈਟਿਡ ਅਕਾਲੀ ਦਲ, ਅਕਾਲੀ ਦਲ (ਅੰਮ੍ਰਿਤਸਰ) ਤੇ ਹੋਰਾਂ ਵੱਲੋਂ ਗੱਠਜੋੜ ਬਣਾਇਆ ਗਿਆ ਹੈ, ਜਿਨ੍ਹਾਂ ਨੇ ਚਾਰ ਸੰਸਦੀ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਐਲਾਨੇ ਗਏ ਇਨ੍ਹਾਂ ਉਮੀਦਵਾਰਾਂ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੂੰ ਸੰਸਦੀ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸਕੱਤਰ ਜਨਰਲ ਗੁਰਦੀਪ ਸਿੰਘ ਬਠਿੰਡਾ ਸੰਸਦੀ ਹਲਕੇ ਤੋਂ, ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਤੇ ਬਿਕਰਮਜੀਤ ਸਿੰਘ ਸੋਢੀ ਨੂੰ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਹੈ।