ਵਾਸ਼ਿੰਗਟਨ: ਦਸਤਾਰ ਦੇ ਵੱਕਾਰ ਨੂੰ ਬਹਾਲ ਕਰਵਾਉਣ ਲਈ ਗੁਰਿੰਦਰ ਸਿੰਘ ਖ਼ਾਲਸਾ ਵੱਲੋਂ ਲੜੀ ਲੜਾਈ ਨੂੰ ਸਿਨੇਮਾ ਰਾਹੀਂ ਦਿਖਾਉਣ ਲਈ ਅਮਰੀਕੀ ਮੁਟਿਆਰ ਨੇ ਹੰਭਲਾ ਮਾਰਿਆ ਹੈ। ਇੰਡਿਆਨਾ ਦੀ ਰਹਿਣ ਵਾਲੀ 18 ਸਾਲਾ ਜੇਨਾ ਰੁਇਜ਼ ਨੇ ਖ਼ਾਲਸਾ ਦੀ ਲੜਾਈ ਤੇ ਅਮਰੀਕਾ ਵੱਲੋਂ ਦਸਤਾਰ ਬਾਰੇ ਬਦਲੀਆਂ ਨੀਤੀਆਂ 'ਤੇ ਫ਼ਿਲਮ ਬਣਾਈ ਹੈ।


ਇਹ ਵੀ ਪੜ੍ਹੋ- ਦਸਤਾਰ ਦੀ ਸ਼ਾਨ ਉੱਚੀ ਕਰਨ ਵਾਲੇ ਖ਼ਾਲਸਾ ਨੂੰ ਅਮਰੀਕਾ 'ਚ ਵਿਸ਼ੇਸ਼ ਸਨਮਾਨ

ਦਰਅਸਲ, ਸਾਲ 2007 ਵਿੱਚ ਅਮਰੀਕੀ ਕਾਰੋਬਾਰੀ ਤੇ ਉੱਘੇ ਸਮਾਜਮੇਵੀ ਗੁਰਿੰਦਰ ਸਿੰਘ ਖ਼ਾਲਸਾ ਨੂੰ ਨਿਊਯਾਰਕ ਦੇ ਬਫ਼ਲੋ ਨਾਇਗਰਾ ਕੌਮਾਂਤਰੀ ਹਵਾਈ ਅੱਡੇ 'ਤੇ ਪੱਗ ਬੰਨ੍ਹੀ ਹੋਣ ਕਰਕੇ ਉੱਥੋਂ ਜ਼ਬਰੀ ਹਟਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਕਰਮੀਆਂ ਨਾਲ ਹੱਥੋਪਾਈ ਵੀ ਹੋਈ ਸੀ। ਖ਼ਾਲਸਾ ਨੇ ਜਹਾਜ਼ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ। ਅਮਰੀਕਾ ਵਿੱਚ ਦਸਤਾਰ ਦੇ ਵੱਕਾਰ ਦੀ ਬਹਾਲੀ ਲਈ ਲੰਮੀ ਲੜਾਈ ਲੜਨ ਦਾ ਫੈਸਲਾ ਕੀਤਾ।

ਸਬੰਧਤ ਖ਼ਬਰ- ਅਮਰੀਕੀਆਂ ਦੇ ਦਿਲਾਂ 'ਤੇ ਖ਼ਾਲਸੇ ਦਾ ਰਾਜ, ਸਰਕਾਰੀ ਕੰਮ ਠੱਪ ਹੋਣ ਮਗਰੋਂ ਸਿੱਖ ਬਣੇ ਸਾਹਾਰਾ

ਅਮਰੀਕੀ ਨਿਯਮਾਂ ਮੁਤਾਬਕ ਜੇਕਰ 20,000 ਲੋਕਾਂ ਦਾ ਸਮਰਥਨ ਮਿਲਦਾ ਹੈ ਤਾਂ ਪੱਗ ਉਤਾਰ ਕੇ ਜਾਂਚ ਕਰਨ ਵਾਲਾ ਨਿਯਮ ਹਟਾ ਦੇਣਗੇ ਪਰ ਖ਼ਾਲਸਾ ਨੇ 67,000 ਤੋਂ ਵੀ ਵੱਧ ਲੋਕਾਂ ਦੀ ਹਮਾਇਤ ਹਾਸਲ ਕੀਤੀ। ਫਿਰ ਅਮਰੀਕਾ ਨੂੰ ਵੀ ਉਨ੍ਹਾਂ ਅੱਗੇ ਝੁਕਣਾ ਪਿਆ ਤੇ ਸਿੱਖਾਂ ਨੂੰ ਦਸਤਾਰ ਸਮੇਤ ਸਫ਼ਰ ਕਰਨ ਦੀ ਖੁੱਲ੍ਹ ਮਿਲੀ। ਸੌਖੇ ਸ਼ਬਦਾਂ ਵਿੱਚ ਜੇਕਰ ਹੁਣ ਕਿਸੇ ਸਿੱਖ ਦੀ ਸੁਰੱਖਿਆ ਜਾਂਚ ਸਮੇਂ ਮੈਟਲ ਡਿਟੈਕਟਰ ਮਸ਼ੀਨ ਵਿੱਚੋਂ ਬੀਪ ਦੀ ਆਵਾਜ਼ ਆਏਗੀ ਤਾਂ ਉਨ੍ਹਾਂ ਨੂੰ ਦਸਤਾਰ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ।

ਇਹ ਵੀ ਪੜ੍ਹੋ- ਦਸਤਾਰ ਲਈ ਅਮਰੀਕਾ ਨਾਲ ਮੱਥਾ ਲਾਉਣ ਵਾਲੇ ਸਿੱਖ ਵੱਲੋਂ ਸਿਆਸਤ 'ਚ ਕੁੱਦਣ ਦਾ ਐਲਾਨ

ਹੁਣ ਖ਼ਾਲਸਾ ਦੀ ਇਸ ਕਹਾਣੀ ਨੂੰ ਜੇਨਾ ਨੇ ਲਘੂ ਫ਼ਿਲਮ ਦੇ ਰੂਪ ਵਿੱਚ ਦਿਖਾਇਆ ਹੈ। ਫ਼ਿਲਮ ਦਾ ਨਾਂ 'ਸਿੰਘ' ਰੱਖਿਆ ਗਿਆ ਹੈ, ਜਿਸ ਨੂੰ ਅਗਲੇ ਮਹੀਨੇ ਰਿਲੀਜ਼ ਕੀਤਾ ਜਾਵੇਗਾ। ਖ਼ਾਲਸਾ ਨੂੰ ਆਪਣੇ ਪ੍ਰਾਪਤੀ ਬਦਲੇ ਰੋਜ਼ਾ ਪਾਰਕਸ ਟ੍ਰੇਲਬਲੇਜ਼ਰ ਐਵਾਰਡ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਸ਼ਹਿਰ ਫਿਸ਼ਰਜ਼ ਤੋਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਰਾਹੀਂ ਆਪਣੀ ਕਿਸਮਤ ਸਿਆਸਤ ਵਿੱਚ ਅਜ਼ਮਾਉਣ ਦਾ ਵੀ ਐਲਾਨ ਕੀਤਾ ਹੈ। ਐਵਾਰਡ ਤੇ ਫ਼ਿਲਮ 'ਸਿੰਘ' ਨਾਲ ਖ਼ਾਲਸਾ ਦੀ ਪ੍ਰਸਿੱਧੀ ਕਾਫੀ ਵੱਧ ਗਈ ਹੈ, ਜਿਸ ਦਾ ਲਾਹਾ ਉਹ ਸਿਆਸਤ ਵਿੱਚ ਉਠਾ ਸਕਦੇ ਹਨ।

ਦੇਖੋ ਟ੍ਰੇਲਰ-