ਬੀਜਿੰਗ: ਚੀਨ ’ਤੇ ਨਕੇਲ ਕੱਸਣ ਲਈ ਅਮਰੀਕਾ ਨੇ ਆਪਣੇ ਦੋ ਜੰਗੀ ਜਹਾਜ਼ ਦੱਖਣੀ ਚੀਨ ਸਾਗਰ ਵਿੱਚ ਉਤਾਰੇ ਹਨ। ਇਨ੍ਹਾਂ ਜਹਾਜ਼ਾਂ ਨੂੰ ਚੀਨ ਦੇ ਵਿਵਾਦਤ ਟਾਪੂਆਂ ਕੋਲ ਭੇਜਿਆ ਗਿਆ ਸੀ। ਚੀਨ ਨੇ ਅਮਰੀਕਾ ਦੀ ਇਸ ਹਰਕਤ ਨੂੰ ਉਕਸਾਉਣ ਤੇ ਵਿਵਾਦ ਪੈਦਾ ਕਰਨ ਵਾਲੀ ਕਾਰਵਾਈ ਦੱਸਿਆ ਹੈ। ਗਾਈਡਿਡ ਮਿਸਾਈਲਾਂ ਨਾਲ ਲੈਸ ਇਨ੍ਹਾਂ ਜੰਗੀ ਜਹਾਜ਼ਾਂ ਦਾ ਨਾਂ ‘ਯੂਐਸਐਸ ਸਪਰੂਐਂਸ’ ਤੇ ‘ਯੂਐਸਐਸ ਪ੍ਰੈਬਲ’ ਹੈ। ਅਮਰੀਕਾ ਨੇ ਇਸ ਨੂੰ ‘ਨੈਵੀਗੇਸ਼ਨ ਆਪ੍ਰੇਸ਼ਨ ਦੀ ਸੁਤੰਰਤਾ’ ਦਾ ਨਾਂ ਦਿੱਤਾ ਹੈ।
ਇਸ ਘਟਨਾ ਬਾਅਦ ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦੱਖਣੀ ਚੀਨ ਸਾਗਰ ਵਿੱਚ ਵਿਵਾਦ ਤੇ ਤਣਾਅ ਪੈਦਾ ਕਰਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਅਮਰੀਕਾ ਨੂੰ ਕਿਸੇ ਵੀ ਉਕਸਾਉਣ ਵਾਲੀ ਸਥਿਤੀ ਪੈਦਾ ਕਰਨ ਤੋਂ ਦੂਰ ਰਹਿਣ ਲਈ ਕਿਹਾ।
ਯਾਦ ਰਹੇ ਕਿ ਇਹ ਘਟਨਾ ਉਦੋਂ ਵਾਪਰੀ ਹੈ ਜਦੋਂ ਦੋਵੇਂ ਦੇਸ਼ ਵਪਾਰਕ ਜੰਗ ਨਾਲ ਸਬੰਧਤ ਗੱਲਬਾਤ ਦੀ ਤਿਆਰੀ ਵਿੱਚ ਜੁਟੇ ਹੋਏ ਹਨ। ਦੱਸ ਦੇਈਏ ਕਿ ਚੀਨ ਸਮੁੱਚੇ ਦੱਖਣੀ ਚੀਨ ਸਾਗਰ ’ਤੇ ਆਪਣਾ ਦਾਅਵਾ ਕਰਦਾ ਹੈ। ਤਾਈਵਾਨ, ਫਿਲੀਪੀਨਜ਼, ਬ੍ਰੂਨੇਈ, ਮਲੇਸ਼ੀਆ ਤੇ ਵਿਅਤਨਾਮ ਵੀ ਇਸ ’ਤੇ ਆਪੋ-ਆਪਣਾ ਦਾਅਵਾ ਕਰਦੇ ਹਨ।
ਇਸੇ ਵਜ੍ਹਾ ਕਰਕੇ ਅਮਰੀਕਾ ਤੇ ਇਸ ਦੇ ਸਾਥੀ ਲਗਾਤਾਰ ਆਪਣੇ ਜਹਾਜ਼ਾਂ ਨੂੰ ਦੱਖਣੀ ਚੀਨ ਸਾਗਰ ਵਿੱਚ ਭੇਜਦੇ ਰਹਿੰਦੇ ਹਨ। ਇਸ ਦੇ ਸਹਾਰੇ ਉਹ ਚੀਨ ਨੂੰ ਇਹ ਯਾਦ ਦਿਵਾਉਂਦੇ ਹਨ ਕਿ ਕੌਮਾਂਤਰੀ ਕਾਨੂੰਨ ਦੇ ਤਹਿਤ ਇਨ੍ਹਾਂ ਦੇਸ਼ਾਂ ਕੋਲ ਦੱਖਣੀ ਚੀਨ ਸਾਗਰ ਤੋਂ ਹੋ ਕੇ ਗੁਜ਼ਰਨ ਦਾ ਅਧਿਕਾਰ ਹੈ।