ਨਵੀਂ ਦਿੱਲੀ/ਚੰਡੀਗੜ੍ਹ: ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੇ ਝਟਕੇ ਤੋਂ ਬਾਅਦ ਬੀਜੇਪੀ ਨੇ ਸਖ਼ਤ ਤੇਵਰ ਅਪਣਾ ਲਏ ਹਨ। ਪਾਰਟੀ ਨੇ ਸਿੱਧੂ ਲਈ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸਿੱਧੂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲ਼ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਾਰਟੀ ਨੇ ਸਾਰੇ ਲੀਡਰਾਂ ਨੂੰ ਹਦਾਇਤ ਕੀਤੀ ਹੈ ਕਿ ਹੁਣ ਕੋਈ ਵੀ ਸਿੱਧੂ ਨਾਲ ਕੋਈ ਗੱਲ ਨਹੀਂ ਕੇਰਗਾ।
ਸੂਤਰਾਂ ਮੁਤਾਬਕ ਪਾਰਟੀ ਸਿੱਧੂ ਨੂੰ ਮਨਾਉਣ ਲਈ ਕੋਈ ਉਪਰਾਲਾ ਨਹੀਂ ਕਰੇਗੀ, ਸਗੋਂ ਜੇਕਰ ਸਿੱਧੂ ਖੁਦ ਵੀ ਵਾਪਸ ਪਾਰਟੀ ਵਿੱਚ ਆਉਣਾ ਚਾਹੇ ਤਾਂ ਉਸ ਲਈ ਦਰਵਾਜ਼ੇ ਬੰਦ ਹੋਣਗੇ। ਬੀਜੇਪੀ ਲੀਡਰ ਪ੍ਰਭਾਤ ਝਾਅ ਦਾ ਕਹਿਣਾ ਹੈ ਕਿ ਸਿੱਧੂ ਨੇ ਅਸਤੀਫਾ ਦੇ ਕੇ ਠੀਕ ਨਹੀਂ ਕੀਤਾ। ਸਿੱਧੂ ਦੀ ਹੈਸੀਅਤ ਬੀਜੇਪੀ ਨਾਲ ਹੀ ਸੀ।
ਬੀਜੇਪੀ ਦੇ ਸਖ਼ਤ ਤੇਵਾਰਾਂ ਤੋਂ ਸਪਸ਼ਟ ਹੈ ਕਿ ਹੁਣ ਸਿੱਧੂ ਦੀ ਪਤਨੀ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਵੀ ਬੀਜੇਪੀ ਤੋਂ ਬਾਹਰ ਹੋਏਗੀ। ਉਂਝ, ਨਵਜੋਤ ਕੌਰ ਨੇ ਅੱਜ ਕਿਹਾ ਕਿ ਉਹ ਅਜੇ ਮੁੱਖ ਸੰਸਦੀ ਸਕੱਤਰ ਦੇ ਅਹੁਦੇ 'ਤੇ ਬਣੇ ਰਹਿਣਗੇ।
ਗੌਰਤਲਬ ਹੈ ਕਿ ਸਿੱਧੂ ਨੇ ਅਸਤੀਫੇ ਨਾਲ ਇੱਕ ਹਲਫ ਪੱਤਰ ਵੀ ਭੇਜਿਆ ਸੀ। ਇਸ ਵਿੱਚ ਸਿੱਧੂ ਨੇ ਲਿਖਿਆ ਸੀ ਕਿ ਉਨ੍ਹਾਂ ਦਾ ਅਸਤੀਫਾ ਤੁਰੰਤ ਸਵੀਕਾਰ ਕੀਤਾ ਜਾਵੇ। ਉਨ੍ਹਾਂ 'ਤੇ ਪਾਰਟੀ ਦਾ ਦਬਾਅ ਪੈ ਸਕਦਾ ਹੈ। ਅਜਿਹੇ ਵਿੱਚ ਉਨ੍ਹਾਂ ਨੂੰ ਅਸਤੀਫਾ ਵਾਪਸ ਲੈਣਾ ਪੈ ਸਕਦਾ ਹੈ ਪਰ ਉਹ ਅਸਤੀਫਾ ਵਾਪਸ ਨਹੀਂ ਲੈਣਾ ਚਾਹੁੰਦੇ। ਇਸ ਲਈ ਸਭਾਪਤੀ ਨੇ ਵੀ ਅਸਤੀਫੇ ਨੂੰ ਤੁਰੰਤ ਸਵੀਕਾਰ ਕਰ ਲਿਆ।