ਲੁਧਿਆਣਾ: ਲੁਧਿਆਣਾ ਦੇ ਚੰਡੀਗੜ੍ਹ ਮਾਰਗ ਉੱਤੇ ਸਥਿਤ ਜਮਾਲਪੁਰ ਚੌਕ ਨੇੜੇ ਆਈ-10 ਕਾਰ ਸਵਾਰ ਲੁਟੇਰੇ 15 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਬੀਤੀ ਰਾਤ 11.30 ਵਜੇ ਦੀ ਹੈ। ਮਿਲੀ ਜਾਣਕਾਰੀ ਅਨੁਸਾਰ ਨਕਾਬਪੋਸ਼ ਲੁਟੇਰਿਆਂ ਨੇ ਇਸ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਇੱਕ ਸ਼ੋਅ ਰੂਮ ਵਿੱਚ ਮਨੀ ਐਕਸਚੇਂਜ ਦਾ ਕੰਮ ਕਰਨ ਵਾਲੇ ਪਿਉ ਪੁੱਤਰ ਕੈਸ਼ ਗਿਣ ਰਹੇ ਸਨ।




ਇਸ ਦੌਰਾਨ ਚਾਰ ਲੁਟੇਰੇ ਆਈ-10 ਕਾਰ ਵਿੱਚ ਆਏ ਤੇ ਉਨ੍ਹਾਂ ਹਥਿਆਰਾਂ ਦੀ ਨੋਕ ਉੱਤੇ ਸਾਰਾ ਕੈਸ਼ ਲੁੱਟ ਲਿਆ। ਲੁਟੇਰੇ ਜਾਂਦੇ ਹੋਏ ਪਿਉ ਪੁੱਤਰ ਨੂੰ ਜ਼ਖਮੀ ਵੀ ਕਰ ਗਏ ਜਿਨ੍ਹਾਂ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਪਛਾਣ ਰਾਕੇਸ਼ ਵਿੱਜ ਤੇ ਉਸ ਦੇ ਬੇਟੇ ਸਾਹਿਲ ਵਿੱਜ ਵਜੋਂ ਹੋਈ ਹੈ।




ਲੁਟੇਰੇ ਜਾਂਦੇ ਹੋਏ ਦੁਕਾਨ ਦਾ ਸ਼ਟਰ ਬੰਦ ਕਰ ਗਏ। ਬਾਅਦ ਵਿੱਚ ਰਾਹਗੀਰਾਂ ਨੇ ਪਿਉ-ਪੁੱਤਰ ਨੂੰ ਜ਼ਖਮੀ ਹਾਲਤ ਵਿੱਚ ਸ਼ੋਅ ਰੂਮ ਵਿੱਚ ਕੱਢਿਆ ਤੇ ਹਸਪਤਾਲ ਦਾਖਲ ਕਰਵਾਇਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।