ਐਸ.ਏ.ਐਸ. ਨਗਰ : ਮੁਹਾਲੀ ਪੁਲਿਸ ਨੇ ਪਿਛਲੇ ਦਿਨੀਂ ਸ਼ਹਿਰ ਵਿੱਚ ਓਲਾ ਕੈਬ ਦੇ ਡਰਾਈਵਰ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਸਬੰਧ ਵਿੱਚ ਪੁਲਿਸ ਨੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਹਾਲੀ ਦੇ ਫ਼ੇਜ਼ 5 ਦੀ ਮਾਰਕੀਟ ਵਿੱਚ ਬੀਤੀ 26 ਜੂਨ ਦੀ ਰਾਤ ਨੂੰ ਓਲਾ ਕੈਬ ਦੇ ਚਾਲਕ ਮਨੋਜ ਕੁਮਾਰ ਦਾ ਕਤਲ ਹੋਇਆ ਸੀ। ਮੁਹਾਲੀ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਛੇ ਮੁਲਜ਼ਮਾਂ ਕੋਲੋਂ ਸੋਨੇ ਚਾਂਦੇ ਦੇ ਗਹਿਣੇ ਵੀ ਬਰਾਮਦ ਕੀਤੇ ਹਨ। ਮੁਹਾਲੀ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਪੁਲੀਸ ਨੂੰ ਲੁੱਟ-ਖੋਹ ਅਤੇ ਚੋਰੀਆਂ ਦੀਆਂ 16 ਵਾਰਦਾਤਾਂ ਹੱਲ ਕਰਨ ਵਿੱਚ ਮਦਦ ਮਿਲੇਗੀ।
ਐਸਐਸਪੀ ਨੇ ਦੱਸਿਆ ਕਿ 14 ਜੁਲਾਈ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ਼ ਅਤੇ ਕੁਰਾਲੀ ਥਾਣਾ ਦੇ ਐਸਐਓ ਇੰਸਪੈਕਟਰ ਅਮਰਬੀਰ ਸਿੰਘ ਵੱਲੋਂ ਦੁਸਾਰਨਾ ਪੁਲ ਸੀਸਵਾਂ ਰੋਡ ’ਤੇ ਨਾਕਾਬੰਦੀ ਕਰ ਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ,ਉੱਥੋਂ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਭੁੱਲਰ ਅਨੁਸਾਰ ਮੁਲਜ਼ਮਾਂ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਮੰਨਿਆ ਕਿ ਬੀਤੀ 26 ਜੂਨ ਦੀ ਰਾਤ ਨੂੰ ਮੁਲਜ਼ਮ ਅਤਿੰਦਰਪਾਲ ਉਰਫ਼ ਰੋਕੀ, ਸੰਦੀਪ ਸਿੰਘ ਉਰਫ਼ ਹੈਪੀ, ਹਰਦੀਪ ਸਿੰਘ ਉਰਫ਼ ਬਾਬਾ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਓਲਾ ਕੈਬ ਦੇ ਚਾਲਕ ਮਨੋਜ ਕੁਮਾਰ ਦੀ ਹੱਤਿਆ ਕੀਤੀ ਸੀ। ਮੁਲਜ਼ਮਾਂ ਅਨੁਸਾਰ ਉਨ੍ਹਾਂ ਨੇ ਫ਼ੇਜ਼-5 ਦੀ ਬੂਥ ਮਾਰਕੀਟ ਦੀ ਪਾਰਕਿੰਗ ਵਿੱਚ ਇੱਕ ਇੰਡੀਕਾ ਕੈਬ ਖੜੀ ਦੇਖੀ। ਜਿਸ ਵਿੱਚ ਚਾਲਕ ਸੀਟ ਉੱਤੇ ਸੁਤਾ ਪਿਆ ਸੀ।
ਮੁਲਜ਼ਮਾਂ ਨੇ ਇੰਡੀਕਾ ਕੈਬ ਦੀ ਤਾਕੀ ਦਾ ਸ਼ੀਸ਼ਾ ਖੜਕਾ ਕੇ ਚਾਲਕ ਨੂੰ ਉਠਾਇਆ ਅਤੇ ਉਸ ਕੋਲੋਂ ਚਾਕੂ ਦੀ ਨੋਕ ’ਤੇ ਨਕਦੀ ਅਤੇ ਹੋਰ ਸਮਾਨ ਲੁੱਟਣ ਦੀ ਕੋਸ਼ਿਸ਼ ਕੀਤੀ। ਲੇਕਿਨ ਚਾਲਕ ਕੇ ਉਠ ਕੇ ਮੁਲਜ਼ਮਾਂ ਦਾ ਵਿਰੋਧ ਕਰਦਿਆਂ ਕਾਰ ਸਟਾਰਟ ਕਰ ਲਈ। ਇੰਨੇ ਵਿੱਚ ਮੁਲਜ਼ਮਾਂ ਨੇ ਕਾਰ ਦੀ ਹੈਂਡ ਬਰੇਕ ਕੋਲ ਪਿਆ ਇੱਕ ਛੋਟਾ ਬੈਗ ਚੁੱਕ ਲਿਆ ਅਤੇ ਚਾਲਕ ਦੀ ਗਰਦਨ ’ਤੇ ਚਾਕੂ ਨਾਲ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।
ਐਸ ਐਸ ਪੀ ਅਨੁਸਾਰ ਇਸ ਤੋਂ ਇਲਾਵਾ ਮੁਲਜ਼ਮਾਂ ਨੇ ਇਲਾਕੇ ਵਿੱਚ ਕਈ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਹੁਣ ਤੱਕ ਵੱਖ-ਵੱਖ ਥਾਵਾਂ ’ਤੇ ਲੁੱਟ-ਖੋਹ ਅਤੇ ਚੋਰੀ ਕੀਤੇ ਗਏ ਸੋਨੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਜਿਨ੍ਹਾਂ ਵਿੱਚ ਦੋ ਸੋਨੇ ਦੀਆਂ ਵਾਲੀਆਂ, 4 ਸੋਨੇ ਦੀਆਂ ਅੰਗੂਠੀਆਂ, 2 ਸੋਨੇ ਦੀਆਂ ਚੈਨੀਆਂ, 1 ਜੋੜੀ ਸੋਨੇ ਦੇ ਕੰਨਾਂ ਵਾਲੇ ਟਾਪਸ, 1 ਚਾਂਦੀ ਦੀ ਅੰਗੂਠੀ ਅਤੇ 1 ਚਾਂਦੀ ਦੀ ਚੇਨੀ ਬਰਾਮਦ ਕੀਤੀ ਹੈ।