ਨਵੀਂ ਦਿੱਲੀ: ਬੀਜੇਪੀ ਸਾਂਸਦ ਵਜੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਦੇਸ਼ ਦੀ ਰਾਜਨੀਤੀ ਗਰਮਾ ਗਈ ਹੈ। ਬੀਜੇਪੀ ਲਈ ਇਹ ਇੱਕ ਵੱਡਾ ਝਟਕਾ ਹੈ ਤਾਂ 'ਆਪ' ਲਈ ਸੁਨਹਿਰੀ ਮੌਕਾ। ਮੰਨਿਆ ਜਾ ਰਿਹਾ ਹੈ ਕਿ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਇਸ ਸਭ ਦੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਿੱਧੂ ਨੂੰ ਸਲੂਟ ਕੀਤਾ ਹੈ।
ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ। ਕੇਜਰੀਵਾਲ ਨੇ ਟਵੀਟ ਕੀਤਾ ਕਿ, "ਕੀ ਕਿਸੇ ਰਾਜ ਸਭਾ ਮੈਂਬਰ ਨੂੰ ਆਪਣਾ ਸੂਬਾ ਬਚਾਉਣ ਲਈ ਅਸਤੀਫਾ ਦਿੰਦੇ ਦੇਖਿਆ ਹੈ, ਮੈਂ ਇਸ ਬਹਾਦਰੀ ਲਈ ਸਿੱਧੂ ਜੀ ਨੂੰ ਸਲਾਮ ਕਰਦਾ ਹਾਂ।" ਇਸ ਦੇ ਨਾਲ ਹੀ ਸਿੱਧੂ ਦੇ 'ਆਪ' 'ਚ ਸ਼ਾਮਲ ਹੋਣ ਨੂੰ ਲੈ ਕੇ ਚਰਚਾ ਤੇਜ ਹੋ ਗਈ ਹੈ। ‘ਆਪ’ ਨੇ ਕਿਹਾ ਹੈ ਕਿ ਜੇਕਰ ਸਿੱਧੂ ਪਾਰਟੀ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਨਵਜੋਤ ਸਿੰਘ ਸਿੱਧੂ ਨੂੰ 'ਆਪ' ਦਾ ਮੁੱਖ ਮੰਤਰੀ ਉਮੀਦਵਾਰ ਮੰਨਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਕਈ ਵਾਰ ਸੰਕੇਤ ਦੇ ਚੁੱਕੇ ਹਨ ਕਿ ਉਹ ‘ਆਪ’ ਵਿੱਚ ਜਾ ਸਕਦੇ ਹਨ। ਸਿੱਧੂ ਦੇ ਅਚਾਨਕ ਅਸਤੀਫੇ ਦਾ ਇਹ ਹੀ ਅਰਥ ਕੱਢਿਆ ਜਾ ਰਿਹਾ ਹੈ ਕਿ ਉਹ ‘ਆਪ’ ਵਿੱਚ ਜਾਣਗੇ। ਜੇਕਰ ਸਿੱਧੂ ਜੋੜੀ ‘ਆਪ’ ਵਿੱਚ ਜਾਂਦੀ ਹੈ ਤਾਂ ਇਹ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋਏਗਾ। ਇਸ ਨਾਲ ਜਿੱਥੇ ਅਕਾਲੀ-ਬੀਜੇਪੀ ਨੂੰ ਵੱਡਾ ਝਟਕਾ ਲੱਗੇਗਾ, ਉੱਥੇ ‘ਆਪ’ ਨੂੰ ਕਾਫੀ ਸਿਆਸੀ ਲਾਹਾ ਮਿਲੇਗਾ।