ਚੰਡੀਗੜ੍ਹ: ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਕੀਲ ਹੜਤਾਲ 'ਤੇ ਚਲੇ ਗਏ ਹਨ। ਅੱਜ ਸਵੇਰ ਤੋਂ ਹੀ ਹਾਈਕੋਰਟ ਦਾ ਕੰਮਕਾਜ ਠੱਪ ਪਿਆ ਹੈ। ਵਕੀਲਾਂ ਦਾ ਇਹ ਪ੍ਰਦਰਸ਼ਨ ਆਪਣੇ ਇੱਕ ਸਾਥੀ ਸੀਨੀਅਰ ਵਕੀਲ ਦੀ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਗ੍ਰਿਫਤਾਰੀ ਦੇ ਵਿਰੋਧ ‘ਚ ਚੱਲ ਰਿਹਾ ਹੈ। ਬਾਰ ਐਸੋਸੀਏਸ਼ਨ ਨੇ ਕੱਲ੍ਹ ਵੀ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਕੱਲ ਸ਼ਾਮ 4 ਵਜੇ ਬਾਰ ਐਸੋਸੀਏਸ਼ਨ ਦੇ ਵਫਦ ਵੱਲੋਂ ਗਵਰਨਰ ਨਾਲ ਵੀ ਮੁਲਾਕਾਤ ਕੀਤੀ ਜਾਏਗੀ। ਮੰਗ ਹੈ ਕਿ ਗ੍ਰਿਫਤਾਰ ਕੀਤੇ ਵਕੀਲ ਨੂੰ ਤੁਰੰਤ ਰਿਹਾ ਕੀਤਾ ਜਾਵੇ। ਦਰਅਸਲ ਚੰਡੀਗੜ੍ਹ ਪੁਲਿਸ ਨੇ ਹਾਈਕੋਰਟ ਦੇ ਇੱਕ ਸੀਨੀਅਰ ਵਕੀਲ ਨੂੰ ਸਾਜਿਸ਼ ਤਹਿਤ ਇੱਕ ਬੇਕਸੂਰ ਨੂੰ ਨਸ਼ਾ ਤਸਕਰੀ ਦੇ ਮਾਮਲੇ ‘ਚ ਫਸਾਉਣ ਦੇ ਜ਼ੁਰਮ ਤਹਿਤ ਗ੍ਰਿਫਤਾਰ ਕੀਤਾ ਹੈ।

 



ਵਕੀਲ ਰੋਜਾਨਾ ਵਾਂਗ ਹਾਈਕੋਰਟ ਤਾਂ ਪਹੁੰਚੇ ਪਰ ਕੋਈ ਵੀ ਅਦਾਲਤੀ ਕਾਰਵਾਈ ‘ਚ ਸ਼ਾਮਲ ਨਹੀਂ ਹੋਇਆ। ਅੱਜ ਜਨਰਲ ਹਾਊਸ ਦੀ ਮੀਟਿੰਗ ਤੋਂ ਬਾਅਦ ਹੜਤਾਲ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਕੱਲ੍ਹ ਵੀ ਹਾਈਕੋਰਟ ਚ ਹੜਤ ਹੋਵੇਗੀ। ਹਾਲਾਂਕਿ ਕੱਲ੍ਹ ਜਤਿਨ ਸਲਵਾਨ ਦੀ ਗ੍ਰਿਫਤਾਰੀ 'ਤੇ ਸਟੇਟਸ ਰਿਪੋਰਟ ਪੇਸ਼ ਕੀਤੀ ਜਾਣੀ ਹੈ। ਪਰ ਇਸ ਰਿਪੋਰਟ ਤੋਂ ਬਾਅਦ ਫਿਰ ਤੋਂ ਜਨਰਲ ਹਾਊਸ ਦੀ ਮੀਟਿੰਗ ਹੋਵੇਗੀ ਤੇ ਅੱਗੇ ਦਾ ਫੈਸਲਾ ਲਿਆ ਜਾਏਗਾ।

 

 

ਵਕੀਲਾਂ ਦੀ ਮੰਗ ਹੈ ਕਿ ਪਿਛਲੇ ਦਿਨੀਂ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਾਈਕੋਰਟ ਦੇ ਸੀਨੀਅਰ ਵਕੀਲ ਜਤਿਨ ਸਲਵਾਨ ਨੂੰ ਰਿਹਾਅ ਕੀਤਾ ਜਾਵੇ। ਦਾਅਵਾ ਹੈ ਕਿ ਪੁਲਿਸ ਨੇ ਉਸ ਨੂੰ ਝੂਠੇ ਕੇਸ ‘ਚ ਫਸਾਇਆ ਹੈ। ਸਲਵਾਨ ਨੂੰ ਇੱਕ ਸਾਬਕਾ ਪੁਲਿਸ ਇੰਸਪੈਕਟਰ ਤੇ ਲੁਧਿਆਣਾ ਦੇ ਕਾਰੋਬਾਰੀ ਨਾਲ ਮਿਲਕੇ ਇੱਕ ਬੇਕਸੂਰ ਵਿਅਕਤੀ ਭਗਵਾਨ ਸਿੰਘ ਨੂੰ ਨਸ਼ਾ ਤਸਕਰੀ ਤੇ ਫੇਕ ਕਰੰਸੀ ਦੇ ਝੂਠੇ ਮਾਮਲੇ ‘ਚ ਫਸਾਉਣ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਵਕੀਲਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਚੰਡੀਗੜ੍ਹ ਪੁਲਿਸ ਨੇ ਜਤਿਨ ਸਲਵਾਨ ਨੂੰ ਰਿਹਾਅ ਨਾ ਕੀਤਾ ਤਾਂ ਉਹ ਸੰਘਰਸ਼ ਤੇਜ਼ ਕਰਨਗੇ।