ਇਸਤਾਂਬੁਲ: ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਨੂੰ ਵਰਲਡ ਹੈਰੀਟੇਜ ਇਮਾਰਤ ਦਾ ਦਰਜਾ ਮਿਲ ਗਿਆ ਹੈ। ਇਸਤਾਂਬੁਲ 'ਚ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਤੋਂ ਬਾਅਦ ਯੁਨੈਸਕੋ ਨੇ ਇਹ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਸ਼ਵ ਦੇ ਤੀਜੇ ਸਭ ਤੋਂ ਉੱਚੇ ਪਰਬਤ ਕੰਚਨਜੰਗਾ 'ਤੇ ਸਥਿਤ ਸਿੱਕਮ ਦੇ ਨੈਸ਼ਨਲ ਪਾਰਕ ਸਮੇਤ ਭਾਰਤ ਦੀਆਂ ਤਿੰਨ ਥਾਵਾਂ ਨੂੰ ਵਰਲਡ ਹੈਰੀਟੇਜ ਦੀ ਸੂਚੀ 'ਚ ਸ਼ਾਮਲ ਕੀਤਾ ਹੈ।
ਇੱਕ ਦਿਨ ਪਹਿਲਾਂ ਹੋਈ ਮੀਟਿੰਗ 'ਚ ਯੁਨੈਸਕੋ ਨੇ ਬਿਹਾਰ ਦੀ ਨਾਲੰਦਾ ਯੂਨੀਵਰਸਿਟੀ ਦੇ ਖੰਡਰਾਂ ਨੂੰ ਵੀ ਵਿਸ਼ਵ ਵਿਰਾਸਤ ਦੀ ਸੂਚੀ 'ਚ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ। ਅਜਿਹਾ ਪਹਿਲੀ ਵਾਰ ਹੈ ਹੋਇਆ ਹੈ ਕਿ ਕਮੇਟੀ ਦੀ ਮੀਟਿੰਗ ਦੇ ਇੱਕੋ ਸੈਸ਼ਨ 'ਚ ਕਿਸੇ ਦੇਸ਼ ਦੀਆਂ ਤਿੰਨ ਥਾਵਾਂ ਨੂੰ ਇਹ ਦਰਜਾ ਦਿੱਤਾ ਗਿਆ ਹੋਵੇ। ਇਸ ਐਲਾਨ ਤੋਂ ਬਾਅਦ ਇਹਨਾਂ ਥਾਵਾਂ 'ਤੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 'ਚ ਕਾਫੀ ਵਾਧਾ ਹੋਣ ਦੀ ਉਮੀਦ ਹੈ।
ਫਰਾਂਸੀਸੀ ਆਰਕੀਟਿਕਟ ਲੀ ਕਾਰਬੂਜੀਏ ਨੇ 1950 ਚ ਚੰਡੀਗੜ੍ਹ ਦਾ ਮਾਸਟਰ ਪਲਾਨ ਤਿਆਰ ਕੀਤਾ ਸੀ। ਕੈਪੀਟਲ ਕੰਪਲੈਕਸ 'ਚ ਓਪਨ ਹੈਂਡ, ਪੰਜਾਬ ਐਂਡ ਹਰਿਆਣਾ ਹਾਈਕੋਰਟ, ਟਾਵਰ ਆਫ ਸ਼ੈਡੋ ਤੇ ਸੈਕਟਰੀਏਟ ਸ਼ਾਮਲ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਦਰਜਾ ਹਾਸਲ ਕਰਨ ਲਈ ਕਰੀਬ ਇੱਕ ਦਹਾਕਾ ਪਹਿਲਾਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਸਨ। ਪਿਛਲੇ ਸਾਲ ਯੁਨੈਸਕੋ ਦੀ ਇੱਕ ਟੀਮ ਨੇ ਚੰਡੀਗੜ੍ਹ ਪਹੁੰਚ ਕੇ ਇਹਨਾਂ ਇਮਾਰਤਾਂ ਦਾ ਨਿਰੀਖਣ ਕੀਤਾ ਸੀ।