ਚੰਡੀਗੜ੍ਹ: ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿੱਚ ਮਿਲੀ ਵੱਡੀ ਹਾਰ ਮਗਰੋਂ ਅੱਜ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਉੱਪਰ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਚੋਣ ਨਤੀਜਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਵਿੱਚ ਕਾਲੇ ਦਿਨਾਂ ਵਜੋਂ ਦਰਜ ਹੇਏਗਾ।



ਉਨ੍ਹਾਂ ਨੇ ਇਸ ਨੂੰ ਲੋਕਤੰਤਰ ਦੀ ਜਗ੍ਹਾ ਡੰਡਾਤੰਤਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਬੀਜੇਪੀ ਨੂੰ ਮੀਟਿੰਗ ਤੱਕ ਨਹੀਂ ਕਰਨ ਦਿੱਤੀ ਗਈ ਤੇ ਉਨ੍ਹਾਂ 'ਤੇ ਹਮਲੇ ਹੋਏ। ਇੱਥੋਂ ਤੱਕ ਕਿ ਉਮੀਦਵਾਰਾਂ ਨਾਲ ਮਾਰਕੁੱਟ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਕਰਕੇ ਕਾਂਗਰਸ ਨੇ ਇੱਥੇ ਜਿੱਤ ਹਾਸਲ ਕੀਤੀ ਹੈ।

ਦੱਸ ਦਈਏ ਕਿ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਚੋਣਾਂ ਵਿੱਤ ਭਾਜਪਾ ਦੇ ਨਾਲ ਹੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਵੀ ਬੁਰਾ ਹਾਲ ਹੋਇਆ ਹੈ। ਬੀਜੇਪੀ ਨੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਸਿਰਫ 20 ਤੇ ਨਗਰ ਕੌਂਸਲ ਵਿੱਚ 29 ਸੀਟਾਂ ਹਾਸਲ ਕੀਤੀਆਂ ਹਨ।

ਉਨ੍ਹਾਂ ਕਿਹਾਕਿ ਚੋਣਾਂ ਵਿੱਚ ਲੋਕ ਆਗੂ ਚੁਣਦੇ ਹਨ ਪਰ ਨਾਮਜ਼ਦਗੀ ਤੋਂ ਲੈ ਕੇ ਅਜੇ ਤੱਕ ਜੋ ਪੰਜਾਬ ਦਾ ਮਾਹੌਲ ਕੈਪਟਨ ਸਰਕਾਰ ਨੇ ਬਣਾਇਆ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਤਿਹਾਸ ਵਿੱਚ ਇਸ ਚੋਣ ਨੂੰ ਕਾਲੇ ਅੱਖਰਾਂ 'ਚ ਲਿਖਿਆ ਜਾਵੇਗਾ।