Lok Sabha Election 2024: ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦਲਬਦਲੀ ਦਾ ਦੌਰ ਵੀ ਤੇਜ਼ ਹੋ ਗਿਆ ਹੈ। ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇੰਨਾ ਹੀ ਨਹੀਂ ਅੱਜ ਉਹ ਚੰਡੀਗੜ੍ਹ ਵਿੱਚ ਸੀਐਮ ਭਗਵੰਤ ਮਾਨ ਕੋਲ ਪਹੁੰਚੇ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। 


ਬਸਪਾ ਵੱਲੋਂ ਐਲਾਨੇ ਗਏ ਉਮੀਦਵਾਰ ਰਾਕੇਸ਼ ਸੋਮਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਇਹ ਕਦਮ ਚੁੱਕ ਰਹੇ ਹਨ। ਸੀਐਮ ਭਗਵੰਤ ਮਾਨ ਨੇ ਖੁਦ ਰਾਕੇਸ਼ ਸੋਮਨ ਦੇ ਪਾਰਟੀ 'ਚ ਸ਼ਾਮਲ ਹੋਣ ਦੀ ਵੀਡੀਓ ਸ਼ੇਅਰ ਕੀਤੀ ਹੈ। 



ਰਾਕੇਸ਼ ਸੋਮਨ ਨੂੰ ਬਸਪਾ ਨੇ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼, 'ਆਪ' ਦੇ ਰਾਜ ਕੁਮਾਰ ਚੱਬੇਵਾਲ ਤੇ ਕਾਂਗਰਸ ਦੀ ਯਾਮਿਨੀ ਗੋਮਰ ਵਿਰੁੱਧ ਮੈਦਾਨ 'ਚ ਉਤਾਰਿਆ ਸੀ ਪਰ ਉਨ੍ਹਾਂ ਨੇ ਨਾਮਜ਼ਦਗੀ ਤੋਂ ਪਹਿਲਾਂ ਹੀ ਪਾਰਟੀ ਛੱਡ ਦਿੱਤੀ।







ਬਸਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਰਾਕੇਸ਼ ਸੋਮਨ ਨੇ ਕਿਹਾ ਕਿ ਹਰ ਗਰੀਬ ਨੂੰ ਚੰਗੀਆਂ ਸਿਹਤ ਸਹੂਲਤਾਂ ਤੇ ਚੰਗੀ ਸਿੱਖਿਆ ਦੇਣਾ ਪੁੰਨ ਦਾ ਕੰਮ ਹੈ। ਉਹ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਕੰਮਾਂ ਤੋਂ ਪ੍ਰਭਾਵਿਤ ਹਨ। 


ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਚੰਗਾ ਕੰਮ ਕਰ ਰਹੀ ਹੈ, ਚਾਹੇ ਉਹ ਗਰੀਬ ਬੱਚਿਆਂ ਲਈ ਹੋਵੇ, ਚਾਹੇ ਉਹ ਮਜ਼ਦੂਰ ਦਲਿਤਾਂ ਲਈ ਹੋਵੇ ਜਾਂ ਭਾਵੇਂ ਬੇਰੁਜ਼ਗਾਰਾਂ ਲਈ ਹੋਵੇ। ਉਹ ਇਨ੍ਹਾਂ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।