ਫਿਰੋਜ਼ਪੁਰ 'ਚ ਸੁਖਬੀਰ ਬਾਦਲ ਲਈ ਨਵਾਂ ਪੁਆੜਾ
ਏਬੀਪੀ ਸਾਂਝਾ | 30 Apr 2019 04:24 PM (IST)
ਫਿਰੋਜ਼ਪੁਰ ਹਲਕੇ ਤੋਂ ਚੋਣ ਲੜੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਭਾਈਵਾਲ ਪਾਰਟੀ ਬੀਜੇਪੀ ਦੇ ਸਾਬਕਾ ਵਿਧਾਇਕ ਤੇ ਕਿਸਾਨ ਮੋਰਚਾ ਸੈੱਲ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਨੰਨੂ ਔਰਤ ਨੂੰ ਅਗਵਾ ਕਰਨ ਦੇ ਕੇਸ ਵਿੱਚ ਉਲਝ ਗਏ ਹਨ। ਸੁਖਪਾਲ ਨੰਨੂ ਖਿਲਾਫ ਮਾਮਲਾ ਦਰਜ ਹੋ ਗਿਆ ਹੈ ਤੇ ਉਹ ਰੂਪੋਸ਼ ਹਨ। ਇਹ ਮਾਮਲਾ ਲੋਕ ਸਭਾ ਚੋਣਾਂ ਵਿੱਚ ਸੁਖਬੀਰ ਬਾਦਲ ਲਈ ਸਮੱਸਿਆ ਪੈਦਾ ਕਰ ਸਕਦਾ ਹੈ।
ਫ਼ਿਰੋਜ਼ਪੁਰ: ਫਿਰੋਜ਼ਪੁਰ ਹਲਕੇ ਤੋਂ ਚੋਣ ਲੜੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਭਾਈਵਾਲ ਪਾਰਟੀ ਬੀਜੇਪੀ ਦੇ ਸਾਬਕਾ ਵਿਧਾਇਕ ਤੇ ਕਿਸਾਨ ਮੋਰਚਾ ਸੈੱਲ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਨੰਨੂ ਔਰਤ ਨੂੰ ਅਗਵਾ ਕਰਨ ਦੇ ਕੇਸ ਵਿੱਚ ਉਲਝ ਗਏ ਹਨ। ਸੁਖਪਾਲ ਨੰਨੂ ਖਿਲਾਫ ਮਾਮਲਾ ਦਰਜ ਹੋ ਗਿਆ ਹੈ ਤੇ ਉਹ ਰੂਪੋਸ਼ ਹਨ। ਇਹ ਮਾਮਲਾ ਲੋਕ ਸਭਾ ਚੋਣਾਂ ਵਿੱਚ ਸੁਖਬੀਰ ਬਾਦਲ ਲਈ ਸਮੱਸਿਆ ਪੈਦਾ ਕਰ ਸਕਦਾ ਹੈ। ਇਹ ਮਾਮਲਾ ਸਾਹਮਣੇ ਆਉਂਦੇ ਹੀ ਨੰਨੂ ਖ਼ਿਲਾਫ਼ ਬੀਜੇਪੀ ਹਾਈਕਮਾਨ ਵੱਲੋਂ ਵੱਡੀ ਕਾਰਵਾਈ ਕਰਨ ਦੇ ਆਸਾਰ ਹਨ। ਦੂਜੇ ਪਾਸੇ ਸੁਖਬੀਰ ਬਾਦਲ ਦੇ ਚੋਣ ਬੋਰਡਾਂ ’ਤੇ ਨੰਨੂ ਦੀ ਤਸਵੀਰ ਨਾ ਲਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਕੋਈ ਵਿਵਾਦ ਖੜ੍ਹਾ ਨਾ ਹੋਵੇ। ਬੇਸ਼ੱਕ ਅਕਾਲੀ ਦਲ ਨੇ ਇਸ ਮਾਮਲੇ ਨਾਲੋਂ ਦੂਰੀ ਬਣਾ ਲਈ ਹੈ ਪਰ ਇਹ ਮਾਮਲਾ ਗਰਮਾ ਸਕਦਾ ਹੈ। ਕਾਬਲੇਗੌਰ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਅੱਕੂ ਵਾਲਾ ਵਿੱਚੋਂ 24 ਅਪਰੈਲ ਦੀ ਰਾਤ ਨਵਵਿਆਹੁਤਾ ਅਗਵਾ ਹੋਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਸੁਖਪਾਲ ਸਿੰਘ ਨੰਨੂ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਇਹ ਕਾਰਵਾਈ ਅਗਵਾ ਹੋਈ ਲੜਕੀ ਨਵਪ੍ਰੀਤ ਕੌਰ (24) ਦੇ ਪਤੀ ਸਤਨਾਮ ਸਿੰਘ ਤੇ ਦਿਓਰ ਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਮਲ ਵਿੱਚ ਲਿਆਂਦੀ ਗਈ ਹੈ। ਡੀਐਸਪੀ (ਸਿਟੀ) ਸੁਰਿੰਦਰ ਬਾਂਸਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰੱਤੋ ਕੇ ਦੀ ਰਹਿਣ ਵਾਲੀ ਨਵਪ੍ਰੀਤ ਦਾ ਵਿਆਹ ਲੰਘੀ 6 ਅਪਰੈਲ ਨੂੰ ਸਤਨਾਮ ਸਿੰਘ ਨਾਲ ਹੋਇਆ ਸੀ। ਸਤਨਾਮ ਸਿੰਘ ਮੋਟਰਸਾਈਕਲਾਂ ਦੀ ਏਜੰਸੀ ਵਿੱਚ ਨੌਕਰੀ ਕਰਦਾ ਹੈ। ਘਟਨਾ ਵਾਲੀ ਰਾਤ ਸਾਢੇ ਗਿਆਰਾਂ ਵਜੇ ਨਵਪ੍ਰੀਤ ਪਾਣੀ ਪੀਣ ਵਾਸਤੇ ਉੱਠੀ ਤੇ ਲਾਪਤਾ ਹੋ ਗਈ। ਬਾਅਦ ਵਿੱਚ ਭਾਲ ਕਰਨ ’ਤੇ ਪਤਾ ਲੱਗਾ ਕਿ ਉਸ ਨੂੰ ਕੋਈ ਅਗਵਾ ਕਰਕੇ ਲੈ ਗਿਆ ਹੈ। ਸੁਖਪਾਲ ਨੰਨੂ, ਨਵਪ੍ਰੀਤ ਦੇ ਵਿਆਹ ਤੋਂ ਪਹਿਲਾਂ ਹੀ ਉਸ ਦੇ ਸਾਰੇ ਪਰਿਵਾਰ ਨੂੰ ਜਾਣਦਾ ਸੀ ਤੇ ਉਨ੍ਹਾਂ ਦੇ ਘਰ ਉਸ ਦਾ ਆਉਣ ਜਾਣ ਵੀ ਸੀ। ਸ਼ਗਨ ਵਾਲੇ ਦਿਨ ਵੀ ਸੁਖਪਾਲ ਨੰਨੂ, ਸਤਨਾਮ ਨੂੰ ਸ਼ਗਨ ਲਾਉਣ ਵਾਸਤੇ ਪਰਿਵਾਰ ਨਾਲ ਗਿਆ ਸੀ। ਪੁਲਿਸ ਵੱਲੋਂ ਕੀਤੀ ਮੁੱਢਲੀ ਜਾਂਚ ਦੌਰਾਨ ਨਵਪ੍ਰੀਤ ਤੇ ਨੰਨੂ ਦਰਮਿਆਨ ਹੋਈਆਂ ਕਈ ਫ਼ੋਨ ਕਾਲਾਂ ਦੀ ਗੱਲ ਸਾਹਮਣੇ ਆਈ ਹੈ। ਕੁਝ ਕਾਲਾਂ ਨੰਨੂ ਦੇ ਰਸੋਈਏ ਦੇ ਫ਼ੋਨ ’ਤੇ ਵੀ ਹੋਈਆਂ ਹਨ।