ਜਲੰਧਰ: ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਵੱਡੇ ਸਿਆਸਤਦਾਨਾਂ ਤੋਂ ਇਲਾਵਾ ਨਵੇਂ ਤੇ ਆਮ ਚਿਹਰੇ ਵੀ ਸਿਆਸਤ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸੇ ਕੜੀ ਵਿੱਚ ਜਲੰਧਰ ਲੋਕ ਸਭਾ ਸੀਟ ਤੋਂ ਵੀ 77 ਸਾਲਾ ਕਿਸਾਨ ਉਪਕਾਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ ਭਰੇ ਹਨ। ਚੋਣ ਲੜਨ ਪਿੱਛੇ ਉਨ੍ਹਾਂ ਦਾ ਮਕਸਦ ਲੋਕਾਂ ਨੂੰ ਆਰਗੈਨਿਕ ਖੇਤੀ ਨਾਲ ਜੋੜਨਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਰਗੈਨਿਕ ਖੇਤੀ ਵਿੱਚ ਨਾ ਬਹੁਤਾ ਫਾਇਦਾ ਤੇ ਨਾ ਹੀ ਨੁਕਸਾਨ।

ਹਾਸਲ ਜਾਣਕਾਰੀ ਮੁਤਾਬਕ ਉਪਕਾਰ ਸਿੰਘ ਪਿੰਡ ਚੱਕ ਦੇਸਰਾਜ ਦੇ ਰਹਿਣ ਵਾਲੇ ਹਨ। ਰੇਲਵੇ ਤੋਂ ਰਿਟਾਇਰ ਹੋਣ ਤੋਂ ਬਾਅਦ 1996 ਤੋਂ ਉਹ ਖੇਤੀ ਕਰ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਉਪਕਾਰ ਸਿੰਘ 77 ਦੀ ਉਮਰ ਵਿੱਚ ਰੋਜ਼ਾਨਾ 30 ਕਿੱਲੋਮੀਟਰ ਸਾਈਕਲ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡਾਂ ਵਿੱਚ ਕੋਈ ਰੈਲੀ ਨਹੀਂ ਕਰਨਗੇ ਤੇ ਨਾ ਹੀ ਪ੍ਰਦੂਸ਼ਣ ਫੈਲਾਉਣਗੇ। ਉਨ੍ਹਾਂ ਕਿਹਾ ਕਿ ਕੋਈ ਲੀਡਰ ਕਿਸਾਨਾਂ ਦੇ ਮਸਲਿਆਂ 'ਤੇ ਗੱਲ ਨਹੀਂ ਕਰਦੇ। ਜਿੱਤਣ ਤੋਂ ਬਾਅਦ ਆਰਗੈਨਿਕ ਦੀ ਗੱਲ ਨਹੀਂ ਕੀਤੀ ਜਾਂਦੀ।

ਉਨ੍ਹਾਂ ਕਿਹਾ ਕਿ ਕਿਸਾਨਾਂ ਸਿਰ ਜੇ ਕਰਜ਼ਾ ਨਾ ਹੋਵੇ ਤਾਂ ਕਰਜ਼ਾ ਮੁਆਫੀ ਵੀ ਨਾ ਹੋਵੇ। ਜਿਹੜੇ ਬੀਟੀ ਦਾ ਵਿਰੋਧ ਕਰਦੇ ਸੀ, ਅੱਜ ਉਹ ਹੀ ਲਾਗੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਚਾਹੁੰਦੀਆਂ ਹਨ ਕਿ ਕਿਸਾਨ ਪੂਰੀ ਤਰ੍ਹਾਂ ਖੇਤੀ ਛੱਡ ਦੇਣ। ਖੇਤੀ ਨੂੰ ਸਰਕਾਰਾਂ ਨਹੀਂ ਚਲਾਉਂਦੀਆਂ, ਸਗੋਂ ਕਾਰਪੋਰੇਟ ਚਲਾਉਂਦੇ ਹਨ।