ਚੰਡੀਗੜ  : ਪੰਜਾਬ ਦੇ ਹਿੰਦੂ ਸਮਾਜ ਦੇ ਇੱਕ ਮੱਹਤਵਪੂਰਨ ਮੁੱਦੇ ਵੱਲ ਮੁੱਖ ਮੰਤਰੀ ਪੰਜਾਬ  ਭਗਵੰਤ ਮਾਨ  ਦਾ ਧਿਆਨ ਦਿਵਾਉਂਦਿਆਂ  ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਪੱਤਰ ਲਿਖ ਕੇ ਪੰਜਾਬ ਦੇ ਹਿੰਦੂ ਧਾਰਮਿਕ ਸਥਾਨਾਂ ਨੂੰ ਸਰਕਾਰ ਦੇ ਕੰਟਰੋਲ ਤੋਂ ਮੁਕਤ ਕਰਨ ਦੀ ਮੰਗ ਕੀਤੀ ਹੈ।


 ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ 200 ਦੇ ਲੱਗਭਗ ਮੰਦਰ ਅਤੇ ਹਜਾਰਾਂ ਦੀ ਗਿਣਤੀ ਵਿੱਚ ਧਾਰਮਿਕ  ਡੇਰੇ ਸਿੱਧੇ ਜਾਂ  ਅਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਕੰਟਰੋਲ ਵਿੱਚ ਹਨ। ਬਹੁਤ ਸਾਰੇ ਇਤਹਾਸਿਕ ਮੰਦਰ ਜਿਨ੍ਹਾਂ ਵਿੱਚ ਸ੍ਰੀ ਕਾਲੀ ਮਾਤਾ ਮੰਦਿਰ, ਪਟਿਆਲਾ ਅਤੇ ਕਾਲੀ ਮਾਤਾ ਮੰਦਿਰ, ਸੰਗਰੂਰ ਆਦਿ ਸ਼ਾਮਿਲ ਹਨ, ਸਿੱਧੇ ਤੋਰ ਤੇ ਸਰਕਾਰ ਦੇ ਕੰਟਰੋਲ ਵਿੱਚ ਹਨ। 


ਜਦਕਿ ਕਈ ਹੋਰ ਇਤਹਾਸਿਕ ਸਥਾਨ ਜਿਨਾਂ ਵਿੱਚ ਜਲੰਧਰ ਦਾ ਪ੍ਰਸਿੱਧ ਸੋਢਲ ਮੰਦਿਰ ਵੀ ਸ਼ਾਮਿਲ ਹੈ, ਅਸਿੱਧੇ ਰੂਪ ਨਾਲ ਸਰਕਾਰ ਦੇ ਕੰਟਰੋਲ ਵਿੱਚ ਹਨ। ਇਸ ਦੇ ਨਾਲ ਹੀ ਪੰਜਾਬ ਵਿੱਚ ਹਜਾਰਾਂ ਡੇਰੇ ਐਸੇ ਹਨ, ਜਿਨਾਂ ਤੇ ਮਹੰਤ ਦੀ ਨਿਯੁਕਤੀ ਪੰਜਾਬ ਸਰਕਾਰ ਨੇ ਅਪਣੇ ਹੱਥ ਵਿੱਚ ਲਈ ਹੋਈ ਹੈ। ਜਿਸ ਦੇ ਨਤੀਜੇ ਵਜੋਂ ਉਹਨਾਂ ਤੇ ਵੀ ਪੰਜਾਬ ਸਰਕਾਰ ਹੀ ਕੰਟਰੋਲ ਕਰ ਰਹੀ ਹੈ।


ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੰਟਰੋਲ ਅੰਦਰ ਚੱਲ ਰਹੇ ਇਹਨਾਂ ਮੰਦਰਾਂ  ਵਿੱਚ ਸੰਗਤ ਵਲੋਂ ਚੜਾਏ ਜਾ ਰਹੇ ਚੜਾਵੇ ਦਾ ਉਪਯੋਗ ਮੰਦਿਰ ਦੇ ਰੱਖ-ਰਖਾਵ ਅਤੇ ਧਰਮ ਦੇ ਪ੍ਰਚਾਰ ਤੋਂ ਇਲਾਵਾ ਹੋਰ ਕਈ ਕੰਮਾ ਵਿੱਚ ਕੀਤਾ ਜਾ ਰਿਹਾ ਹੈ। ਇਸੇ ਪ੍ਰਕਾਰ ਮੰਦਰਾਂ ਅਤੇ ਡੇਰਿਆਂ ਦੀ ਜਮੀਨ ਨੂੰ ਵੀ ਕਈ ਤਰੀਕਿਆਂ ਨਾਲ ਹੜਪਨ ਦੀਆਂ ਕੋਸ਼ਿਸ਼ਾ ਬਹੁਤ ਸਾਰੇ ਸਥਾਨਾਂ ਤੇ ਚਲ ਰਹੀਆਂ ਹਨ। 


ਪਟਿਆਲਾ ਦੇ ਕੇਦਾਰਨਾਥ ਮੰਦਿਰ ਦੀ ਉਦਾਹਰਨ ਸਭ ਦੇ ਸਾਹਮਣੇ ਹੈ। ਮੰਦਿਰ ਦੀ 100 ਏਕੜ ਜਮੀਨ ਪਹਿਲਾਂ ਪੀ.ਆਰ.ਟੀ.ਸੀ ਨੂੰ ਬੱਸ ਸਟੈਂਡ ਬਨਾਉਣ ਲਈ ਟ੍ਰਾਂਸਫਰ ਕਰ ਦਿੱਤੀ ਗਈ। ਹੁਣ ਉਸੀ ਜਮੀਨ ਤੇ ਇੰਪਰੂਵਮੈਂਟ ਟਰੱਸਟ ਕਲੋਨੀ ਕੱਟ ਰਿਹਾ ਹੈ। ਐਸੀਆਂ ਅਨੇਕਾਂ ਘਟਨਾਵਾਂ ਪੰਜਾਬ ਵਿੱਚ ਵਾਪਰ ਰਹੀਆਂ ਹਨ।


ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਹਿੰਦੂ ਧਰਮ ਨਾਲ ਸੰਬਧਿਤ ਧਾਰਮਿਕ ਸਥਾਨਾਂ ਦੇ ਸਾਧਨਾਂ ਦੀ ਖੁਲੀ ਲੁੱਟ ਸਰਕਾਰ ਵਲੋਂ ਚੱਲ ਰਹੀ ਹੈ। ਹਿੰਦੂ ਸੰਤਾਂ ਅਤੇ ਕਈ ਧਾਰਮਕ ਸੰਗਠਨਾਂ ਵਲੋਂ ਇਸਦੇ ਖਿਲਾਫ ਲਗਾਤਾਰ ਮੁਹਿੰਮ ਚਲਾ ਕੇ ਆਵਾਜ ਚੁੱਕੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵਲੋਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਇਸ ਸੰਬਧੀ ਕਾਰਵਾਈ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ, ਪਰ ਅਫਸੋਸ ਬਾਕੀ ਗਰੰਟੀਆਂ ਵਾਂਗ ਇਹ ਵੀ ਭੁਲਾ ਦਿੱਤਾ ਗਿਆ।


ਸੁਭਾਸ਼ ਸ਼ਰਮਾ ਨੇ  ਭਗਵੰਤ ਮਾਨ ਤੋਂ ਮੰਗ ਕਰਦਿਆਂ ਕਿਹਾ ਕਿ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਮੁੱਖ ਰਖਦੇ ਹੋਏ ਹਿੰਦੂ ਮੰਦਿਰਾਂ ਅਤੇ ਡੇਰਿਆਂ ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਸਰਕਾਰ ਦੇ ਕੰਟਰੋਲ ਤੋਂ ਮੁੱਕਤ ਕਰਕੇ ਹਿੰਦੂ ਸਮਾਜ ਨੂੰ ਸੌਂਪਿਆਂ ਜਾਵੇ, ਤਾਂ ਜੋ ਇਹਨਾਂ ਧਾਰਮਕ ਸਥਾਨਾਂ ਦਾ ਪੂਰੀ ਮਾਣ-ਮਰਿਆਦਾ ਨਾਲ ਰੱਖ-ਰਖਾਵ ਕੀਤਾ ਜਾ ਸਕੇ।