ਚੰਡੀਗੜ੍ਹ: ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਹੈ ਕਿ ਸਰਹੱਦ ਪਾਰ ਤੋਂ ਨਹੀਂ ਸਗੋਂ ਪੰਜਾਬ 'ਚ ਹੀ ਨਸ਼ਾ ਤਿਆਰ ਹੋ ਰਿਹਾ ਹੈ ਤੇ ਪੰਜਾਬ ਤੋਂ ਬਾਹਰ ਹੋਰ ਰਾਜਾਂ ਵਿੱਚ ਵੀ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਸਰਹੱਦ ਰਾਹੀਆਂ ਨਸ਼ਾ ਆਉਣ ਬਾਰੇ ਜੋ ਬਿਆਨ ਦਿੱਤਾ ਗਿਆ ਹੈ, ਉਹ ਬਿਆਨ ਗਲਤ ਹੈ, ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ।


ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੇ ਕਿਹੜਾ ਕੰਮ ਕਰਨਾ ਹੈ, ਉਨ੍ਹਾਂ ਕੋਲ ਕਿਸੇ ਤਰ੍ਹਾਂ ਦਾ ਤਜਰਬਾ ਨਹੀਂ। ਇਸੇ ਲਈ ਉਹ ਅਜਿਹੇ ਬਿਆਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਬਾਰਡਰ ਨਾਲ ਤਾਂ ਹੋਰ ਸੂਬੇ ਵੀ ਹਨ ਪਰ ਉਥੇ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਉਂਦੀ, ਸਿਰਫ਼ ਪੰਜਾਬ ਵਿੱਚ ਹੀ ਕਿਉਂ ਸਾਹਮਣੇ ਆ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ।


ਗਰੇਵਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੇ ਪਹਿਲੇ 2 ਮਹੀਨਿਆਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਇਸ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਕਿਉਂਕਿ ਪੰਜਾਬ ਵਿੱਚ ਇਨ੍ਹੀਂ ਦਿਨੀਂ ਬਹੁਤ ਕਤਲ ਹੋਏ ਹਨ, ਬਹੁਤ ਲੋਕ ਖੁਦਕੁਸ਼ੀਆਂ ਕਰ ਚੁੱਕੇ ਹਨ ਤੇ ਪੰਜਾਬ ਵਿੱਚ ਕੋਈ ਵਿਕਾਸ ਕਾਰਜ ਨਹੀਂ ਹੋਇਆ। ਹੁਣ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਤਾਂ ਇਹ ਲੋਕ ਕੋਈ ਕੰਮ ਨਹੀਂ ਕਰ ਰਹੇ ਤੇ ਤੁਸੀਂ ਦੇਖਣਾ ਕਿ ਇੱਕ ਦਿਨ ਪੰਜਾਬ ਵਿੱਚ ਭਾਜਪਾ ਜ਼ਰੂਰ ਆਵੇਗੀ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਣਕ ਬਾਹਰ ਨਾ ਭੇਜਣ ਦਾ ਫੈਸਲਾ ਕੀਤਾ ਹੈ, ਉਹ ਦੇਸ਼ ਦੇ ਲੋਕਾਂ ਲਈ ਕੀਤਾ ਗਿਆ ਹੈ। ਦੇਸ਼ ਵਿੱਚ ਮਹਿੰਗਾਈ ਨਾ ਵਧੇ, ਇਸ ਲਈ ਇਹ ਫੈਸਲਾ ਲਿਆ ਗਿਆ ਹੈ। ਇਸ ਦਾ ਫਾਇਦਾ ਆਮ ਲੋਕਾਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਜੋ ਕਮੇਟੀ ਆਈ ਸੀ, ਉਸ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਹੁਣ 6 ਫੀਸਦ ਦੀ ਬਜਾਏ 18 ਫੀਸਦ 'ਤੇ ਜੋ ਦਾਣਾ ਟੁੱਟਿਆ ਹੋਇਆ ਹੈ, ਉਸ ਦੀ ਫਸਲ ਖਰੀਦੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ। ਉਸ ਕਮੇਟੀ ਦੇ ਫੈਸਲੇ ਦੇ ਆਧਾਰ 'ਤੇ ਹੀ ਅਸੀਂ ਇਹ ਪ੍ਰਤੀਸ਼ਤ ਵਧਾਉਣ ਦਾ ਫੈਸਲਾ ਕੀਤਾ ਹੈ। ਜੇਕਰ ਕਿਸਾਨਾਂ ਨੂੰ ਕੋਈ ਮੁਆਵਜ਼ਾ ਦੇਣਾ ਹੈ ਤਾਂ ਪੰਜਾਬ ਸਰਕਾਰ ਦੇਵੇ, ਹਰ ਚੀਜ਼ ਨੂੰ ਕੇਂਦਰ ਨਹੀਂ ਕਰੇਗਾ।

ਗਰੇਵਾਲ ਨੇ ਕਿਹਾ ਅੱਜ ਕੱਲ੍ਹ ਧਾਰਮਿਕ ਸਥਾਨਾਂ 'ਤੇ ਇਕੱਠ ਕੀਤੇ ਜਾ ਰਹੇ ਹਨ ਤੇ ਉੱਥੇ ਅੱਖ ਮਟੱਕਾ ਹੋ ਰਿਹਾ ਹੈ। ਇਹੀ ਲੋਕ ਹਨ ਜੋ ਦੇਸ਼ 'ਚ ਅਸ਼ਾਂਤੀ ਫੈਲਾ ਰਹੇ ਹਨ ਤੇ ਪਾਕਿਸਤਾਨ 'ਚ ਜੋ ਕੁਝ ਹੋਇਆ, ਉੱਥੇ ਘੱਟ ਗਿਣਤੀ ਲੋਕ ਸੁਰੱਖਿਅਤ ਨਹੀਂ ਹਨ, ਇਸੇ ਲਈ ਪਾਕਿਸਤਾਨ 'ਚ ਅਜਿਹਾ ਹੋ ਰਿਹਾ ਹੈ। ਅਸੀਂ ਇੱਕ ਕਾਨੂੰਨ ਬਣਾ ਕੇ ਬਾਹਰਲੇ ਮੁਲਕਾਂ ਤੋਂ ਸਿੱਖਾਂ ਤੇ ਹਿੰਦੂਆਂ ਨੂੰ ਆਪਣੇ ਦੇਸ਼ ਵਿੱਚ ਲਿਆਂਦਾ, ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਾਂਗੇ ਕਿ ਉਹ ਪਾਕਿਸਤਾਨ ਤੋਂ ਸਿੱਖਾਂ ਤੇ ਹਿੰਦੂਆਂ ਨੂੰ ਭਾਰਤ ਲਿਆਂਦਾ ਜਾਵੇ।

 

ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਫ਼ਿਰ ਕਦੇ ਵੀ ਇਕੱਠੇ ਨਹੀਂ ਹੋ ਸਕਦੇ, ਅਸੀਂ ਆਉਣ ਵਾਲੀਆਂ ਚੋਣਾਂ ਆਪਣੇ ਦਮ 'ਤੇ ਲੜਾਂਗੇ ਅਤੇ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗੇ। ਪੰਜਾਬ ਲੋਕ ਕਾਂਗਰਸ ਦਾ ਕੋਈ ਆਧਾਰ ਨਹੀਂ ਹੈ, ਕੋਈ ਉਸਨੂੰ ਨਹੀਂ ਜਾਣਦਾ, ਮੈਨੂੰ ਤਾਂ ਇਹ ਨਹੀਂ ਪਤਾ ਕਿ ਇਹ ਕਿਹੜੀ ਪਾਰਟੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦੇ ਹੋਏ ਸਾਡੇ ਵਰਕਰਾਂ 'ਤੇ ਤਸ਼ੱਸਦ ਕੀਤਾ , ਜੇਕਰ ਕੈਪਟਨ ਨੇ ਸਾਡੀ ਪਾਰਟੀ 'ਚ ਆਉਣਾ ਹੈ ਤਾਂ ਉਹ ਆ ਸਕਦੇ ਹਨ। ਪਟਿਆਲਾ ਤੋਂ ਜੇਕਰ ਉਨ੍ਹਾਂ ਨੂੰ ਦੋ-ਚਾਰ ਸੀਟਾਂ ਚਾਹੀਦੀਆਂ ਹਨ ਤਾਂ ਅਸੀਂ ਦੇ ਦੇਵਾਂਗੇ।