ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਆਪਣੇ ਫਾਰਮ ਹਾਊਸ ਵਿੱਚ ਡਰੈਗਨ ਫਰੂਟ (Dragon Fruit) ਦੀ ਖੇਤੀ ਕਰਨਗੇ। ਇਸ ਦੀ ਕਾਸ਼ਤ ਬਾਰੇ ਜਾਣਕਾਰੀ ਲੈਣ ਲਈ ਉਨ੍ਹਾਂ ਪਿੰਡ ਠੁੱਲੇਵਾਲ ਸਥਿਤ ਔਲਖ ਡਰੈਗਨ ਫਾਰਮ ਦਾ ਦੌਰਾ ਕੀਤਾ। ਔਲਖ ਡਰੈਗਨ ਫਰੂਟ ਫਾਰਮ ਦੇ ਸੰਚਾਲਕ ਸਤਨਾਮ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਡਰੈਗਨ ਫਰੂਟ ਦੀ ਖੇਤੀ ਕਰ ਰਹੇ ਹਨ। ਇਸ ਨਾਲ ਨਾ ਸਿਰਫ ਪਾਣੀ ਦੀ ਬੱਚਤ ਹੁੰਦੀ ਹੈ ਸਗੋਂ ਮੁਨਾਫਾ ਵੀ ਚੰਗਾ ਹੁੰਦਾ ਹੈ।



ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ਦੱਸਿਆ ਕਿ ਇੱਕ ਏਕੜ ਵਿੱਚ 500 ਖੰਭਿਆਂ 'ਤੇ ਡਰੈਗਨ ਫਰੂਟ ਦੇ 2000 ਬੂਟੇ ਲਗਾਏ ਗਏ ਹਨ। ਕਿਸਾਨਾਂ ਨਾਲ ਕਾਫੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਬਾਦਲ ਨੇ ਕਿਹਾ ਕਿ ਉਹ ਦੋ ਏਕੜ 'ਚ ਡਰੈਗਨ ਫਰੂਟ ਦੀ ਕਾਸ਼ਤ ਸ਼ੁਰੂ ਕਰਨਗੇ, ਜਿਸ ਤੋਂ ਬਾਅਦ ਰਕਬਾ ਵਧਾਇਆ ਜਾ ਸਕਦਾ ਹੈ।

ਦੱਸ ਦਈਏ ਡਰੈਗਨ ਫਰੂਟ ਦੱਖਣੀ ਅਮਰੀਕਾ ਦਾ ਇੱਕ ਫਲ ਹੈ। ਇਹ ਆਇਰਨ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਸਲਾਦ, ਮੁਰੱਬਾ, ਜੈਲੀ ਤੇ ਸ਼ੇਕ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਡਰੈਗਨ ਫਰੂਟ ਦਾ ਵਿਗਿਆਨਕ ਨਾਮ ਹੈਲੋਸੇਰੀਅਸ ਅਨਡਾਟਸ ਹੈ। ਇਹ ਵੇਲ ਉੱਤੇ ਲਗਣ ਵਾਲਾ ਇਕ ਕਿਸਮ ਦਾ ਫਲ ਹੈ। ਪੌਦੇ ਦੇ ਤਣੇ ਗੁੱਦੇਦਾਰ ਤੇ ਰਸੀਲੇ ਹੁੰਦੇ ਹਨ।

ਡਰੈਗਨ ਫਰੂਟ ਚਿੱਟੇ ਜਾਂ ਲਾਲ ਗੁੱਦੇ ਦਾ ਹੁੰਦਾ ਹੈ। ਇਸ ਦੇ ਫੁੱਲ ਬਹੁਤ ਖੁਸ਼ਬੂਦਾਰ ਹੁੰਦੇ ਹਨ ਤੇ ਰਾਤ ਨੂੰ ਖਿੜਦੇ ਹਨ ਤੇ ਸਵੇਰੇ ਝੜਦੇ ਹਨ।ਡ੍ਰੈਗਨ ਫਰੂਟ ਦੀ ਵਰਤੋਂ ਸਰੀਰ ਨਾਲ ਜੁੜੀਆਂ ਕਈ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾ ਸਕਦੀ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਦੇਖਦੇ ਹੋਏ, ਇਹ ਹੁਣ ਭਾਰਤ ਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿੱਚ ਉਗਾਇਆ ਜਾ ਰਿਹਾ ਹੈ।