Punjab News: ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਹੰਗਾਮਾ ਮਚਿਆ ਹੋਇਆ ਹੈ। ਇਸੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਤੇ 'ਆਪ' ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਖਹਿਰਾ ਨੇ ਕਿਹਾ ਕਿ 'ਆਪ' ਸਰਕਾਰ ਛੋਟੇ ਤੇ ਬੇਜ਼ਮੀਨੇ ਕਿਸਾਨਾਂ ਤੋਂ ਕਬਜ਼ੇ ਛੁਡਾ ਰਹੀ ਹੈ। ਉਨ੍ਹਾਂ ਚੈਲੇਂਜ ਕੀਤਾ ਕਿ ਸਰਕਾਰ ਮੋਹਾਲੀ 'ਚ ਕਾਰਵਾਈ ਕਰੇ ਤੇ ਵੱਡੇ ਅਫਸਰਾਂ ਤੋਂ ਕਬਜ਼ਾ ਛੁਡਾ ਕੇ ਦਿਖਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀੜਤਾਂ ਨੂੰ ਮੁਹਾਲੀ 'ਚ ਇਕੱਠੇ ਹੋਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ 40-50 ਗੰਨਮੈਨ ਲੈ ਕੇ ਦੂਜਿਆਂ ਨਾਲ ਤੂੰ-ਤੜਾਕ ਨਾ ਕਰੋ।



ਉੱਥੇ ਹੀ ਖਹਿਰਾ ਦੇ ਇਸ ਚੈਲੇਂਜ ਨੂੰ ਅੱਗੋਂ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਚੁਣੌਤੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖਹਿਰਾ ਮੁਹਾਲੀ 'ਚ ਕਬਜ਼ਾ ਕਰਨ ਵਾਲਿਆਂ ਦੇ ਨਾਂ ਦੱਸਣ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 'ਚੋਂ ਸਭ ਤੋਂ ਵੱਧ ਕਾਂਗਰਸੀ ਹੀ ਹੋਣਗੇ। ਉਨ੍ਹਾਂ ਕਿਹਾ ਕੇ ਖਹਿਰਾ ਇੱਕ ਵੀ ਜਗ੍ਹਾ ਦੱਸਣ ਜਿੱਥੇ 'ਆਪ' ਨੇ ਜ਼ਮੀਨ 'ਤੇ ਜਬਰੀ ਕਬਜ਼ਾ ਕੀਤਾ ਹੈ। ਕੁਲਦੀਪ ਧਾਲੀਵਾਲ ਨੇ ਦਾਅਵਾ ਕੀਤਾ ਕਿ ਮੁਹਾਲੀ 'ਚ ਕਾਂਗਰਸੀਆਂ ਨੇ ਹੀ ਕਬਜ਼ਾ ਕੀਤਾ ਹੈ ਤੇ ਜਲਦ ਹੀ ਉਨ੍ਹਾਂ ਦੇ ਨਾਂ ਵੀ ਸਾਹਮਣੇ ਆਉਣਗੇ।



ਉਧਰ, ਨਾਂ ਲੈਣ ਦੀ ਗੱਲ 'ਤੇ ਧਾਲੀਵਾਲ ਨੂੰ ਜਵਾਬ ਦਿੰਦਿਆਂ ਖਹਿਰਾ ਨੇ ਕਿਹਾ ਕਿ ਮੰਤਰੀ ਧਾਲੀਵਾਲ ਇਸ ਲਈ ਤਿਲਮਿਲਾ ਰਹੇ ਹਨ ਕਿਉਂਕਿ ਉਨ੍ਹਾਂ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਹਾਈਕੋਰਟ ਨੇ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਹੇਠ ਕਮਿਸ਼ਨ ਬਣਾਇਆ ਸੀ। ਇਸ ਦੀ ਸਬ-ਕਮੇਟੀ ਏਡੀਜੀਪੀ ਚੰਦਰਸ਼ੇਖਰ ਦੀ ਅਗਵਾਈ ਵਿੱਚ ਬਣਾਈ ਗਈ ਸੀ। ਉਨ੍ਹਾਂ ਨੇ ਮੁਹਾਲੀ ਵਿੱਚ 50 ਹਜ਼ਾਰ ਏਕੜ ਜ਼ਮੀਨ ’ਤੇ ਕਬਜ਼ੇ ਬਾਰੇ ਦੱਸਿਆ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ, ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ ਕਈ ਲੋਕਾਂ ਦੇ ਨਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਤੇ ਦਲਿਤ ਪਰਿਵਾਰਾਂ ਨੂੰ ਛੱਡ ਕੇ ਪਹਿਲਾਂ ਅਮੀਰਾਂ ਤੇ ਤਾਕਤਵਰਾਂ ਤੋਂ ਜ਼ਮੀਨਾਂ ਛੁਡਾਓ।

ਧਾਲੀਵਾਲ 'ਤੇ ਭੜਕੇ ਖਹਿਰਾ ਨੇ ਮੰਤਰੀ ਨੂੰ ਸਲਾਹ ਦਿੱਤੀ ਕਿ ਆਪਣੀ ਜ਼ੁਬਾਨ 'ਤੇ ਕੰਟਰੋਲ ਰੱਖੋ। ਉਨ੍ਹਾਂ ਕਿਹਾ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਕਿੱਥੇ ਮਾਈਨਿੰਗ ਚੱਲ ਰਹੀ ਹੈ ਤੇ ਪੀੜਤਾਂ ਨੂੰ ਉਹ ਇਨਸਾਫ ਦਵਾਉਣਗੇ ਜਿਸ ਲਈ ਉਨ੍ਹਾਂ ਵੱਲੋਂ ਅਗਲੇ ਐਤਵਾਰ 11 ਵਜੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਇਕੱਠੇ ਹੋਣ ਲਈ ਕਿਹਾ।