ਪਠਾਨਕੋਟ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮਹਿਲਾ ਸੈਕਟਰੀ ਟੀਨਾ ਚੌਧਰੀ 'ਤੇ ਜਬਰੀ ਵਸੂਲੀ ਸਮੇਤ ਕਈ ਧਾਰਾਵਾਂ ਤਹਿਤ ਪਠਾਨਕੋਟ ਦੇ ਦੋ ਵੱਖ-ਵੱਖ ਥਾਣਿਆਂ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਸ ਵਿੱਚ ਕਰੱਸ਼ਰ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਧਮਕੀਆਂ ਦੇਣ, ਉਨ੍ਹਾਂ ਦੇ ਜ਼ਰੂਰੀ ਦਸਤਾਵੇਜ਼ ਚੁੱਕਣ ਤੇ ਉਨ੍ਹਾਂ ਦੇ ਕਾਊਂਟਰ ਵਿੱਚ ਪਏ ਪੈਸੇ ਚੋਰੀ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਤਹਿਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਟੀਨਾ ਚੌਧਰੀ ਆਪਣੇ ਚਾਰ ਹੋਰ ਸਾਥੀਆਂ ਸਮੇਤ ਫ਼ਰਾਰ ਦੱਸੀ ਜਾ ਰਹੀ ਹੈ। ਉਸ ਦੇ 5 ਸਾਥੀਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।



ਇਸ ਸਬੰਧੀ ਜਦੋਂ ਪੀੜਤ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਦਫਤਰ 'ਚ ਕੰਮ ਕਰ ਰਿਹਾ ਸੀ ਤਾਂ ਇੱਕ ਔਰਤ ਉਸ ਦੇ ਚਾਰ ਹੋਰ ਸਾਥੀਆਂ ਨਾਲ ਆਈ ਤੇ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਦੇ ਜ਼ਰੂਰੀ ਦਸਤਾਵੇਜ਼ ਲੈ ਗਏ। ਉਸ ਨੇ ਕਿਹਾ ਕਿ ਔਰਤ ਦੇਖ ਕੇ ਉਸ ਨੇ ਆਪਣੇ ਦਫਤਰ ਤੋਂ ਬਾਹਰ ਜਾਣਾ ਮੁਨਾਸਿਬ ਸਮਝਿਆ, ਪਰ ਜਦੋਂ ਉਸ ਨੇ ਵਾਪਸ ਆ ਕੇ ਪੈਸਿਆਂ ਦਾ ਕਾਊਂਟਰ ਚੈੱਕ ਕੀਤਾ ਤਾਂ ਉਸ ਵਿੱਚੋਂ 15 ਤੋਂ 18 ਹਜ਼ਾਰ ਰੁਪਏ ਗਾਇਬ ਸਨ।

ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਰੱਸ਼ਰ ਇੰਡਸਟਰੀ ਦੇ ਮਾਈਨਿੰਗ ਨਾਲ ਜੁੜੇ ਲੋਕਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਕਿ ਇੱਕ ਔਰਤ ਨੇ ਉਨ੍ਹਾਂ ਦੇ ਦਫ਼ਤਰ ਆ ਕੇ ਦੁਰਵਿਵਹਾਰ ਕੀਤਾ, ਧਮਕੀਆਂ ਦਿੱਤੀਆਂ।ਆਪਣੇ ਜ਼ਰੂਰੀ ਕੰਮ ਨੂੰ ਲੈ ਕੇ ਗੱਲੇ 'ਚ ਰੱਖੇ ਪੈਸੇ ਵੀ ਉਥੋਂ ਗਾਇਬ ਹੋ ਗਏ, ਜਿਸ ਦੇ ਆਧਾਰ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ ਟੀਨਾ ਚੌਧਰੀ ਨੇ ਇਸ ਮਾਮਲੇ ਨੂੰ ਰਾਜਨੀਤੀ ਪ੍ਰੇਰਿਤ ਦੱਸਿਆ ਹੈ, ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੇਖਦਿਆਂ ਉਨ੍ਹਾਂ ਵੱਲੋਂ ਮਾਈਨਿੰਗ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਸੀ ਪਰ ਉਲਟਾ ਉਨ੍ਹਾਂ 'ਤੇ ਹੀ ਮਾਮਲਾ ਦਰਜ ਕਰ ਲਿਆ ਗਿਆ ਹੈ।