ਚੰਡੀਗੜ੍ਹ: 'ਏਬੀਪੀ ਨਿਊਜ਼' ਦੇ ਸਰਵੇਖਣ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਣ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਹਿੱਲਜੁੱਲ ਹੋ ਗਈ ਹੈ। ਚਰਚਾ ਹੈ ਕਿ ਅਗਲ ਸਮੇਂ ਵਿੱਚ ਕੁਝ ਬੀਜੇਪੀ ਲੀਡਰ 'ਆਪ' ਦਾ ਪੱਲਾ ਫੜ ਸਕਦੇ ਹਨ। ਇਹ ਚਰਚਾ ਐਤਵਾਰ ਨੂੰ ਅੰਮ੍ਰਿਤਸਰ ਵਿਖੇ ਬੀਜੇਪੀ ਦੀ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਮਗਰੋਂ ਛਿੜੀ ਹੈ।


ਬੇਸ਼ੱਕ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਅਜਿਹੇ ਕੋਈ ਸੰਕੇਤ ਨਹੀਂ ਦਿੱਤੇ ਪਰ ਉਨ੍ਹਾਂ ਦੀ ਕੇਜਰੀਵਾਲ ਨਾਲ ਮੁਲਾਕਾਤ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਲਕਸ਼ਮੀ ਕਾਂਤਾ ਚਾਵਲਾ ਨੇ ਇਸ ਮੁਲਾਕਾਤ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਇਹ ਗ਼ੈਰ-ਰਸਮੀ ਤੇ ਅਚਨਚੇਤੀ ਹੋਈ ਮੁਲਾਕਾਤ ਸੀ ਤੇ ਇਸ ਸਬੰਧੀ ਚਰਚਾ ਸਿਰਫ਼ ਅਫ਼ਵਾਹਾਂ ਹਨ।


ਦਰਅਸਲ ਇਸ ਵੇਲੇ ਖੇਤੀ ਕਾਨੂੰਨਾਂ ਕਰਕੇ ਪੰਜਾਬ ਵਿੱਚ ਬੀਜੇਪੀ ਦੀ ਹਾਲਤ ਬੇਹੱਦ ਖਸਤਾ ਹੋ ਗਈ ਹੈ। ਕਈ ਸਿਆਸੀ ਲੀਡਰਾਂ ਨੂੰ ਆਪਣੀ ਸਿਆਸੀ ਭਵਿੱਖ ਖੁਰਦਾ ਨਜ਼ਰ ਆ ਰਿਹਾ ਹੈ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਉਥਲ-ਪੁਥਲ ਹੋ ਸਕਦੀ ਹੈ।


ਦੱਸ ਦਈਏ ਕਿ ਕੇਜਰੀਵਾਲ ਬੀਤੇ ਦਿਨ ਬਾਘਾ ਪੁਰਾਣਾ ਵਿੱਚ ‘ਆਪ’ ਵੱਲੋਂ ਕਰਾਏ ਕਿਸਾਨ ਮਹਾਸੰਮੇਲਨ ਵਿੱਚ ਸ਼ਾਮਲ ਹੋਣ ਲਈ ਆਏ ਸਨ। ਉਹ ਹਵਾਈ ਰਸਤੇ ਅੰਮ੍ਰਿਤਸਰ ਪੁੱਜੇ ਸਨ ਤੇ ਇੱਥੋਂ ਸੜਕ ਰਸਤੇ ਬਾਘਾ ਪੁਰਾਣਾ ਗਏ ਸਨ। ਇਸ ਦੌਰਾਨ ਹੀ ਉਨ੍ਹਾਂ ਨੇ ਲਕਸ਼ਮੀ ਕਾਂਤਾ ਚਾਵਲਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਚਰਚਾ ਉਸ ਵੇਲੇ ਜੱਗ ਜ਼ਾਹਿਰ ਹੋਈ, ਜਦੋਂ ਇਸ ਸਬੰਧੀ ਇੱਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ।


ਇਸ ਤਸਵੀਰ ਵਿੱਚ ਕੇਜਰੀਵਾਲ ਦੇ ਨਾਲ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਬੈਠੇ ਹੋਏ ਹਨ। ਉਨ੍ਹਾਂ ਨਾਲ ‘ਆਪ’ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੀ ਹਨ ਤੇ ਮੇਜ ’ਤੇ ਚਾਹ ਦੇ ਕੱਪ ਵੀ ਦਿਖਾਈ ਦਿੰਦੇ ਹਨ। ‘ਆਪ’ ਆਗੂਆਂ ਨੇ ਇਸ ਮੁਲਾਕਾਤ ਬਾਰੇ ਚੁੱਪ ਧਾਰੀ ਹੋਈ ਹੈ।


ਉਂਝ ਇਸ ਮੁਲਾਕਾਤ ਬਾਰੇ ਬੀਜੇਪੀ ਨੇ ਸਫਾਈ ਦਿੱਤੀ ਹੈ। ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੇ ਆਖਿਆ ਕਿ ਪ੍ਰੋ. ਚਾਵਲਾ ਰੋਜ਼ ਸ਼ਾਮ ਨੂੰ ਸਰਕਟ ਹਾਊਸ ਵਿੱਚ ਸੈਰ ਕਰਨ ਜਾਂਦੇ ਹਨ। ਇਸੇ ਤਹਿਤ ਉਹ ਬੀਤੇ ਦਿਨ ਵੀ ਸਰਕਟ ਹਾਊਸ ਵਿੱਚ ਸੈਰ ਕਰ ਰਹੇ ਸਨ ਕਿ ਕੇਜਰੀਵਾਲ ਉੱਥੇ ਪੁੱਜ ਗਏ ਤੇ ਉਨ੍ਹਾਂ ਨੇ ਪ੍ਰੋ. ਚਾਵਲਾ ਨੂੰ ਸਰਕਟ ਹਾਊਸ ਦੇ ਅੰਦਰ ਸੱਦ ਲਿਆ।