BJP leader Manjinder Sirsa has lashed out at the Aam Aadmi Party for fielding outsiders in Punjab's Rajya Sabha seat


ਚੰਡੀਗੜ੍ਹ: ਪੰਜਾਬ ਦੀਆਂ ਰਾਜ ਸਭਾ ਸੀਟਾਂ ’ਤੇ ਬਾਹਰਲੇ ਉਮੀਦਵਾਰ ਖੜ੍ਹੇ ਕਰਨ 'ਤੇ ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਸਿਰਸਾ ਨੇ ਕਿਹਾ ਹੈ ਕਿ ਇਹ ਹੈ, ਉਹ ਰੰਗਲਾ ਪੰਜਾਬ ਜਿਸ ਦੀ ਭਗਵੰਤ ਮਾਨ ਗੱਲ ਕਰਦੇ ਸੀ। ਰਾਜ ਸਭਾ ਵਿੱਚ ਬਾਹਰਲੇ ਮੈਂਬਰ ਭੇਜਣ 'ਤੇ ਉਨ੍ਹਾਂ ਸਵਾਲ ਕੀਤਾ ਕਿ ਬਗੈਰ ਪੱਗਾਂ ਵਾਲਾ ਪੰਜਾਬ ਹੁਣ ਰੰਗਲਾ ਪੰਜਾਬ ਹੋਵੇਗਾ।


ਸਿਰਸਾ ਨੇ ਕਿਹਾ ਕਿ ਰਾਜ ਸਭਾ ਵਿੱਚ ਹੁਣ ਪਾਠਕ ਵਰਗੇ ਲੋਕ ਬੈਠਣਗੇ, ਜਿਨ੍ਹਾਂ ਨੂੰ ਨਾ ਪੰਜਾਬ ਤੇ ਨਾ ਪੰਜਾਬੀ ਬਾਰੇ ਪਤਾ ਹੈ। ਉਨ੍ਹਾਂ ਕਿਹਾ ਕਿ ਇਹ ਰੰਗਲਾ ਪੰਜਾਬ ਹੈ, ਪੰਜਾਬ ਦੀਆਂ ਰਾਜ ਸਭਾ ਸੀਟਾਂ ਵੇਚ ਕੇ ਰੰਗਲਾ ਪੰਜਾਬ ਬਣਾਉਣਗੇ?


ਦੱਸ ਦਈਏ ਕਿ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਪੰਜ ਚਿਹਰਿਆਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚ ਦਿੱਲੀ ਤੋਂ ਵਿਧਾਇਕ ਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ, ਪੰਜਾਬ ਚੋਣਾਂ ਵਿੱਚ 'ਆਪ' ਲਈ ਰਾਜਸੀ ਰਣਨੀਤੀ ਤਿਆਰ ਕਰਨ ਵਾਲੇ ਪ੍ਰੋ. ਸੰਦੀਪ ਪਾਠਕ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਲਵਲੀ ਯੂਨੀਵਰਸਿਟੀ ਦੇ ਸੰਸਥਾਪਕ ਅਸ਼ੋਕ ਮਿੱਤਲ ਤੇ ਉਦਯੋਗਪਤੀ ਸੰਜੀਵ ਅਰੋੜਾ ਦੇ ਨਾਮ ਸ਼ਾਮਲ ਹਨ। ਪੰਜਾਬ ਤੋਂ ਰਾਜ ਸਭਾ ਦੀਆਂ ਪੰਜ ਸੀਟਾਂ ਲਈ 'ਆਪ' ਦੇ ਦੋ ਚਿਹਰੇ ਦਿੱਲੀ ਅਤੇ ਤਿੰਨ ਚਿਹਰੇ ਪੰਜਾਬ ਨਾਲ ਸਬੰਧਤ ਹਨ।


ਉਧਰ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਮ ਆਦਮੀ ਪਾਰਟੀ ਦੀ ਨੀਅਤ ਉਤੇ ਸਵਾਲ ਚੁੱਕੇ ਹਨ। ਬਾਦਲ ਨੇ ਕਿਹਾ ਕਿ ਇਹ ਸ਼ੁਰੂ ਵਿੱਚ ਹੀ ਧੋਖਾ ਕਮਾ ਰਹੇ ਹਨ, ਅਸੀਂ ਸ਼ੁਰੂ ਵਿੱਚ ਹੀ ਕਿਹਾ ਸੀ, ਇੱਥੇ ਦਿੱਲੀ ਵਾਲਿਆਂ ਦਾ ਰਾਜ ਚੱਲਣਾ ਹੈ, ਇਹ ਸਾਡੇ ਹੱਕਾਂ ਉੱਤੇ ਕਬਜ਼ਾ ਕਰਨ ਚਾਹੁੰਦੇ ਹਨ।


ਇਹ ਵੀ ਪੜ੍ਹੋ: Punjab Rajya Sabha Election: ਪਰਗਟ ਸਿੰਘ ਨੇ 'ਆਪ' ਉਮੀਦਵਾਰਾਂ ‘ਤੇ ਚੁੱਕੇ ਸਵਾਲ, ਪੰਜਾਬ ਨਾਲ ਧੋਖਾ ਕਰਨ ਦੇ ਇਲਜ਼ਾਮ