Manpreet Badal: ਬੀਜੇਪੀ ਲੀਡਰ ਮਨਪ੍ਰੀਤ ਬਾਦਲ ਨੇ ਅੱਜ ਅਗਾਊਂ ਜ਼ਮਾਨਤ 'ਤੇ ਫੈਸਲੇ ਤੋਂ ਪਹਿਲਾਂ ਹੀ ਅਦਾਲਤ 'ਚੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ। ਅਦਾਲਤ ਨੂੰ ਕਿਹਾ ਗਿਆ ਹੈ ਕਿ ਹੁਣ ਉਨ੍ਹਾਂ ਖਿਲਾਫ ਐਫਆਈਆਰ ਦਾਇਰ ਹੋ ਗਈ ਹੈ। ਉਹ ਨਵੇਂ ਤੱਥਾਂ ਨਾਲ ਮੁੜ ਅਦਾਲਤ ਤੱਕ ਪਹੁੰਚ ਕਰਨਗੇ। ਇਹ ਜਾਣਕਾਰੀ ਮਨਪ੍ਰੀਤ ਬਾਦਲ ਦੇ ਵਕੀਲ ਸੁਖਵਿੰਦਰ ਸਿੰਘ ਭਿੰਡਰ ਨੇ ਦਿੱਤੀ ਹੈ।


ਦੱਸ ਦਈਏ ਕਿ ਵਿਜੀਲੈਂਸ ਬਿਉਰੋ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਹੋਰ ਸ਼ਿਕੰਜਾ ਕੱਸ ਦਿੱਤਾ ਹੈ। ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 24 ਸਤੰਬਰ ਨੂੰ ਵਿਜੀਲੈਂਸ ਵਿਭਾਗ ਵੱਲੋਂ ਮਨਪ੍ਰੀਤ ਬਾਦਲ ਸਣੇ ਛੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ ਨੂੰ ਲੈ ਕੇ ਮਨਪ੍ਰੀਤ ਬਾਦਲ ਦੇ ਟਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਵਿਦੇਸ਼ ਜਾਣ ਤੋਂ ਰੋਕਣ ਲਈ  ਵਿਜੀਲੈਂਸ ਵਿਭਾਗ ਵੱਲੋਂ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ।


ਸੂਤਰਾਂ ਮੁਤਾਬਕ ਮਨਪ੍ਰੀਤ ਬਾਦਲ ਦੀ ਗ੍ਰਿਫਤਾਰੀ ਕਿਸੇ ਸਮੇਂ ਹੋ ਸਕਦੀ ਹੈ। ਵਿਜੀਲੈਂਸ ਵੱਲੋਂ ਕੇਸ ’ਚ ਨਾਮਜ਼ਦ ਵਿਅਕਤੀਆਂ ਦੀ ਜਲਦੀ ਤੋਂ ਜਲਦੀ ਗ੍ਰਿਫ਼ਤਾਰੀ ਕਰਨ ਲਈ ਕਾਰਵਾਈ ਜਾਰੀ ਹੈ। ਪਤਾ ਲੱਗਾ ਹੈ ਕਿ ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ ਦੇ ਟਿਕਾਣਿਆਂ ’ਤੇ ਛਾਪੇ ਜਾਰੀ ਹਨ। ਇਸ ਲਈ ਮਨਪ੍ਰੀਤ ਬਾਦਲ ਵੱਲੋਂ ਅਗਾਊਂ ਜ਼ਮਾਨਤ ਲਈ ਅਦਾਲਤ ’ਚ ਅਰਜ਼ੀ ਦਾਖ਼ਲ ਕੀਤੀ ਗਈ ਸੀ, ਜਿਸ ’ਤੇ ਅੱਜ ਵਧੀਕ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਬਠਿੰਡਾ ਦੀ ਅਦਾਲਤ ਵਿੱਚ ਸੁਣਵਾਈ ਹੋਣੀ ਸੀ ਪਰ ਉਨ੍ਹਾਂ ਨੇ ਆਪਣੀ ਅਰਜ਼ੀ ਵਾਪਸ ਲੈ ਲਈ ਹੈ । 


ਉਨ੍ਹਾਂ ਨੇ ਅਰਜ਼ੀ ਨਾਲ ਉਹ ਵੀਡੀਓ ਕਲਿੱਪ ਵੀ ਨੱਥੀ ਕੀਤੀ ਸੀ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨਪ੍ਰੀਤ ਬਾਦਲ ਬਾਰੇ ਜ਼ਿਕਰ ਕੀਤਾ ਗਿਆ ਸੀ। ਬਾਦਲ ਵੱਲੋਂ ਵੀਡੀਓ ਦੇ ਆਧਾਰ ’ਤੇ ਉਨ੍ਹਾਂ ਨੂੰ ਸਿਆਸੀ ਰੰਜਿਸ਼ ਤਹਿਤ ਫਸਾਉਣ ਦੇ ਇਲਜ਼ਾਮ ਲਾਏ ਗਏ ਸਨ। ਬਾਦਲ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਵੱਲੋਂ ਕਈ ਟੀਮਾਂ ਬਣਾਈਆਂ ਗਈਆਂ ਹਨ। ਖ਼ੁਫ਼ੀਆ ਵਿੰਗ ਤੋਂ ਵੀ ਮੱਦਦ ਲਈ ਜਾ ਰਹੀ ਹੈ। ਖ਼ੁਫ਼ੀਆ ਵਿੰਗ ਦੇ ਮੁਖੀ ਵੀ ਵਿਜੀਲੈਂਸ ਚੀਫ਼ ਹੀ ਹਨ ।