Punjab News: ਭਾਰਤ ਸਰਕਾਰ ਵੱਲੋਂ ਕੈਨੇਡਾ ਤੋਂ ਆਉਣ ਵਾਲਿਆਂ ਨੂੰ ਵੀਜ਼ੇ ਨਾ ਦੇਣ ਦੇ ਐਲਾਨ ਤੋਂ ਬਾਅਦ ਅਕਾਲੀ ਦਲ (ਅੰਮ੍ਰਿਤਸਰ) ਨੇ 1 ਅਕਤੂਬਰ ਨੂੰ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਲੈ ਕੇ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੱਕ ਕੌਮੀ ਇਨਸਾਫ਼ ਮਾਰਚ ਕਰਨ ਦਾ ਐਲਾਨ ਕੀਤਾ। ਅਕਾਲੀ ਦਲ (ਅੰਮ੍ਰਿਤਸਰ) ਦਾ ਕਹਿਣਾ ਹੈ ਕਿ ਇਸ ਕਾਰਨ ਉਹ ਮਾਪੇ ਚਿੰਤਾ ਵਿੱਚ ਹਨ, ਜਿਨ੍ਹਾਂ ਦੇ ਧੀਆਂ-ਪੁੱਤ ਲੰਮੇ ਸਮੇਂ ਤੋਂ ਕੈਨੇਡਾ ਵੱਸ ਰਹੇ ਹਨ। ਪਾਰਟੀ ਦਾ ਕਹਿਣਾ ਹੈ ਕਿ ਇਸ ਨਾਲ ਸਿੱਖਾਂ ਦਾ ਵੀ ਕੌਂਮਾਂਤਰੀ ਪੱਧਰ ‘ਤੇ ਅਕਸ ਖ਼ਰਾਬ ਕੀਤਾ ਜਾ ਰਿਹਾ ਹੈ। 


ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਜਰਨਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਨੇ ਦੱਸਿਆ ਕਿ ਕੈਨੇਡਾ-ਭਾਰਤ ਵਿਵਾਦ ਨਾਲ ਸਿੱਖਾਂ ਦੀ ਮਾੜੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਕੈਨੇਡਾ ਵੱਸਦੇ ਪੰਜਾਬੀ ਮੁੰਡੇ-ਕੁੜੀਆਂ ਦੇ ਮਾਪੇ 1 ਅਕਤੂਬਰ ਨੂੰ ਕੱਢੇ ਜਾ ਰਹੇ ਕੌਮੀ ਮਾਰਚ ਵਿੱਚ ਆਪਣੇ ਵਹੀਕਲ ਵੱਡੀ ਗਿਣਤੀ ਵਿੱਚ ਲੈ ਕੇ ਪਹੁੰਚਣ ਤਾਂ ਜੋ ਇਸ ਨਾਲ ਭਾਰਤ ਸਰਕਾਰ ਨੂੰ ਹਲੂਣਾ ਦਿੱਤਾ ਜਾ ਸਕੇ ਕਿ ਇਸ ਵਿਵਾਦ ਵਿੱਚ ਪੰਜਾਬੀਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਇਸ ਮਾਰਚ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਹੋਰ ਸਿੱਖ ਵਿਦਵਾਨ ਆਗੂ ਤੇ ਪੰਜਾਬੀ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ। 


ਉਧਰ, ਸ਼੍ਰੋਮਣੀ ਕਮੇਟੀ ਦੀ ਸੋਮਵਾਰ ਨੂੰ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ’ਚ ਕੈਨੇਡਾ ਤੇ ਭਾਰਤ ਦੇ ਖ਼ਰਾਬ ਹੁੰਦੇ ਸਬੰਧਾਂ ਦਾ ਮੁੱਦਾ ਭਾਰੂ ਰਿਹਾ। ਮੀਟਿੰਗ ਵਿੱਚ ਵਿਸ਼ੇਸ਼ ਮਤਾ ਪਾਸ ਕਰ ਕੇ ਦੋਵਾਂ ਮੁਲਕਾਂ ਨੂੰ ਸਿਆਸਤ ਛੱਡ ਕੇ ਮਾਮਲੇ ਦੀ ਸਚਾਈ ਲੋਕਾਂ ਸਾਹਮਣੇ ਰੱਖਣ ਦੀ ਅਪੀਲ ਕੀਤੀ ਗਈ। ਮੀਟਿੰਗ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੰਸਦ ਵਿੱਚ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿਚ ਭਾਰਤੀ ਏਜੰਸੀਆਂ ਦੇ ਅਧਿਕਾਰੀਆਂ ਦਾ ਹੱਥ ਹੋਣ ਬਾਰੇ ਲਗਾਏ ਦੋਸ਼ਾਂ ’ਤੇ ਚਿੰਤਾ ਪ੍ਰਗਟ ਕੀਤੀ ਗਈ। 


ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਇਸ ਸਬੰਧੀ ਵਿਸ਼ੇਸ਼ ਮਤਾ ਵੀ ਪਾਸ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਕਿ ਕਿਸੇ ਵੀ ਦੇਸ਼ ਦੀ ਸੰਸਦ ਵਿੱਚ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਆਮ ਨਹੀਂ ਸਮਝਿਆ ਜਾ ਸਕਦਾ। ਮਤੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤੀ ਏਜੰਸੀਆਂ ’ਤੇ ਲਗਾਏ ਦੋਸ਼ਾਂ ਦੀ ਸਚਾਈ ਲੋਕਾਂ ਸਾਹਮਣੇ ਰੱਖਣ ਦੀ ਮੰਗ ਕੀਤੀ ਗਈ। ਇਸ ਸਮੁੱਚੇ ਵਰਤਾਰੇ ਵਿੱਚ ਮੀਡੀਆ ਤੇ ਸੋਸ਼ਲ ਮੀਡੀਆ ਮੰਚਾਂ ’ਤੇ ਸਿੱਖ ਤੇ ਪੰਜਾਬ ਵਿਰੋਧੀ ਨਫ਼ਰਤੀ ਕੂੜ ਪ੍ਰਚਾਰ ਦੀ ਵੀ ਨਿਖੇਧੀ ਕੀਤੀ ਗਈ। 


ਅੰਤ੍ਰਿੰਗ ਕਮੇਟੀ ਨੇ ਮਤੇ ਰਾਹੀਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਮਸਲੇ ਵਿੱਚ ਸਿੱਖਾਂ ਦੇ ਅਕਸ ਨੂੰ ਖ਼ਰਾਬ ਕਰਨ ਵਾਲੇ ਲੋਕਾਂ ’ਤੇ ਕਾਰਵਾਈ ਕਰੇ। ਮੀਟਿੰਗ ਵਿੱਚ ਇਕ ਮਤੇ ਰਾਹੀਂ ਜੂਨ 1984 ’ਚ ਸ੍ਰੀ ਅਕਾਲ ਤਖ਼ਤ ’ਤੇ ਹੋਏ ਫ਼ੌਜੀ ਹਮਲੇ ਸਮੇਂ ਜੋਧਪੁਰ ਜੇਲ੍ਹ ’ਚ ਨਜ਼ਰਬੰਦ ਰਹੇ ਸਿੰਘਾਂ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ਵਕੀਲਾਂ ਤੇ ਸਹਾਇਤਾ ਕਰਨ ਵਾਲਿਆਂ ਤੇ ਲੰਬੇ ਕੇਸਾਂ ’ਚ ਰਿਕਾਰਡ ਬਣਾਉਣ ਵਾਲੇ ਨੋਇਡਾ ਵਾਸੀ ਸਿਦਕਦੀਪ ਸਿੰਘ ਦੇ ਸਨਮਾਨ ਦਾ ਫ਼ੈਸਲਾ ਕੀਤਾ ਗਿਆ ਹੈ।