ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਬੀਜੇਪੀ ਲੀਡਰ ਨੇ ਫਲੈਕਸ ਬੋਰਡ ਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆਂ ਕੀਤਾ। ਕਿਸਾਨਾਂ ਨੇ ਇਹ ਫਲੈਕਸ ਬੋਰਡ ਉਤਾਰ ਕੇ ਗੁਰਦੁਆਰੇ ਅੰਦਰ ਰੱਖ ਦਿੱਤੇ ਹਨ। ਇਸ ਦੇ ਨਾਲ ਹੀ ਬੀਜੇਪੀ ਨੂੰ ਨਸੀਹਤ ਦਿੱਤੀ ਹੈ ਕਿ ਸੰਸਦ ਵਿੱਚ ਕਾਨੂੰਨ ਰੱਦ ਹੋਣ ਤੱਕ ਦੀ ਉਡੀਕ ਕਰੇ।



ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਦਾ ਚਾਰੇ ਪਾਸੇ ਸਵਾਗਤ ਹੋ ਰਿਹਾ ਹੈ ਪਰ ਕਿਸਾਨ ਜਥੇਬੰਦੀਆਂ ਇਸ ਤੋਂ ਸੰਤੁਸ਼ਟ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਲੀਮੈਂਟ ਵਿੱਚ ਇਹ ਕਾਨੂੰਨ ਰੱਦ ਹੋਣ 'ਤੇ ਹੀ ਇਸ ਐਲਾਨ ਨੂੰ ਸੱਚ ਮੰਨਣਗੇ। ਪ੍ਰਧਾਨ ਮੰਤਰੀ ਵੱਲੋਂ ਕੀਤੇ ਐਲਾਨ ਤੋਂ ਬਾਅਦ ਪੰਜਾਬ ਭਾਜਪਾ ਆਗੂਆਂ ਦੇ ਸਾਹ ਵਿੱਚ ਸਾਹ ਤਾਂ ਆਏ ਹਨ ਤੇ ਉਨ੍ਹਾਂ ਨੇ ਖੇਤੀ ਕਾਨੂੰਨ ਰੱਦ ਕਰਨ ਦੇ ਵਧਾਈ ਫਲੈਕਸ ਬੋਰਡ ਵੀ ਲਾਉਣੇ ਸ਼ੁਰੂ ਕਰ ਦਿੱਤੇ ਹਨ।

ਅੰਮ੍ਰਿਤਸਰ ਦੇ ਸੁਲਤਾਨਵਿੰਡ ਵਿੱਚ ਭਾਜਪਾ ਦੇ ਬੀਸੀ ਸੈੱਲ ਦੇ ਇੱਕ ਆਗੂ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਲਈ ਵਧਾਈ ਸੰਦੇਸ਼ ਵਾਲੇ ਬੋਰਡ ਲਾਉਣ 'ਤੇ ਅੱਜ ਕਿਸਾਨਾਂ ਵੱਲੋਂ ਬੋਰਡ ਉਤਾਰ ਕੇ ਪਿੰਡ ਦੇ ਗੁਰਦਵਾਰਾ ਸਾਹਿਬ ਵਿਖੇ ਰੱਖ ਦਿੱਤੇ ਗਏ। ਕਿਸਾਨ ਤੇ ਧਾਰਮਿਕ ਸੰਸਥਾ ਦੇ ਆਗੂ ਦਾ ਕਹਿਣਾ ਹੈ ਕਿ ਅਜੇ ਪ੍ਰਧਾਨ ਮੰਤਰੀ ਵੱਲੋਂ ਐਲਾਨ ਹੀ ਕੀਤਾ ਗਿਆ। ਰਾਜਨੀਤਕ ਲੋਕਾਂ ਤੇ ਕਿਸਾਨਾਂ ਨੂੰ ਵਿਸ਼ਵਾਸ਼ ਨਹੀਂ ਹੈ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਖੇਤੀ ਕਾਨੂੰਨ ਪਾਰਲੀਮੈਂਟ ਵਿੱਚ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਕਿਸੇ ਵੀ ਭਾਜਪਾ ਜਾ ਕਿਸੇ ਰਾਜਨੀਤਕ ਆਗੂ ਨੂੰ ਇਸ ਤਰ੍ਹਾਂ ਦੇ ਬੋਰਡ ਨਹੀਂ ਲਗਾਉਣ ਦਿੱਤੇ ਜਾਣਗੇ। ਇਸ ਕਰਕੇ ਅੱਜ ਇਹ ਬੋਰਡ ਪਾੜੇ ਨਹੀਂ ਗਏ ਬਲਕਿ ਉਤਾਰ ਕੇ ਪਿੰਡ ਦੇ ਗੁਰਦਵਾਰਾ ਸਾਹਿਬ ਵਿਖੇ ਰੱਖ ਦਿੱਤੇ ਹਨ। ਜਦੋਂ ਪਾਰਲੀਮੈਂਟ ਵਿੱਚ ਕਾਨੂੰਨ ਰੱਦ ਹੋ ਜਾਣਗੇ ਤਾਂ ਉਹ ਆਪਣੇ ਬੋਰਡ ਲਾ ਸਕਦੇ ਹਨ।