ਚੰਡੀਗੜ੍ਹ: ਪੰਜਾਬ ਬੀਜੇਪੀ ਦੇ ਲੀਡਰ ਤਰੁਣ ਚੁੱਘ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਨਜ਼ ਕੱਸਿਆ ਹੈ। ਪੰਜਾਬ ਸਰਕਾਰ ਨੇ ਨਸ਼ੇ ਵਿਰੁੱਧ ਸਾਈਕਲ ਰੈਲੀ ਕੀਤੀ ਹੈ। ਚੁੱਘ ਨੇ ਇਸ 'ਤੇ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਡੋਪ ਟੈਸਟ ਕਰਵਾਉਣ। ਉਨ੍ਹਾਂ ਕਿਹਾ ਕਿ ਉਹ ਵੀ ਇਹ ਡੋਪ ਟੈਸਟ ਕਰਵਾਉਣ ਲਈ ਤਿਆਰ ਹਨ। ਚੁੱਘ ਦਾ ਕਹਿਣਾ ਹੈ ਕਿ ਸੀਐਮ ਮਾਨ ਆਪਣੇ ਕੈਬਨਿਟ ਮੰਤਰੀਆਂ, ਵਿਧਾਇਕਾਂ ਤੇ ਸਾਰੇ ਪਾਰਟੀ ਪ੍ਰਧਾਨਾਂ ਦਾ ਵੀ ਡੋਪ ਟੈਸਟ ਕਰਵਾਉਣ। ਇਸ ਨਾਲ ਨਸ਼ੇ ਖਿਲਾਫ ਲੜ੍ਹਨ ਦੀ ਅਸਲੀਅਤ ਦਾ ਪਤਾ ਲੱਗ ਸਕੇਗਾ।


ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਬੀਤੇ ਕੱਲ੍ਹ ਪੈਟਰੋਲ ਡੀਜ਼ਲ ਦੇ ਰੇਟਾਂ 'ਚ ਦਿੱਤੀ ਰਾਹਤ 'ਤੇ ਬੋਲਦੇ ਹੋਏ ਚੁੱਘ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਦੂਜੇ ਵਾਰ ਇਹ ਰਾਹਤ ਦਿੱਤੀ ਹੈ। ਹੁਣ ਪੰਜਾਬ ਸਣੇ ਗੈਰ ਭਾਜਪਾ ਰਾਜਾਂ ਨੂੰ ਪੈਟਰੋਲ-ਡੀਜ਼ਲ 'ਚ 10-10 ਰੁਪਏ ਤੇ ਰੋਸਈ ਗੈਸ 'ਚ 200 ਰੁਪਏ ਸਟੇਟ ਟੈਕਸ ਘੱਟ ਕਰਕੇ ਆਮ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।


ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹਾ ਸੰਗਰੂਰ ਵਿੱਚ ਐਤਵਾਰ ਨੂੰ ਨਸ਼ਿਆਂ ਖ਼ਿਲਾਫ਼ ਇੱਕ ਸਾਈਕਲ ਰੈਲੀ ਕੱਢੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੀਐਮ ਮਾਨ ਖੁਦ ਪਹੁੰਚੇ। ਉਨ੍ਹਾਂ ਕਿਹਾ ਕਿ ਮੈਂ ਨਸ਼ਿਆਂ ਵਿੱਚ ਫਸੇ ਨੌਜਵਾਨਾਂ ਦਾ ਕਸੂਰ ਨਹੀਂ ਮੰਨਦਾ। ਉਨ੍ਹਾਂ ਨੂੰ ਬੇਰੁਜ਼ਗਾਰੀ ਦਾ ਮਾਹੌਲ ਹੀ ਅਜਿਹਾ ਮਿਲਿਆ ਕਿ ਉਹ ਨਸ਼ਿਆਂ ਦੇ ਸ਼ਿਕਾਰ ਹੋ ਗਏ। ਉਹ ਡਿਗਰੀਆਂ ਲੈ ਕੇ ਘਰ ਮੁੜ ਆਉਂਦੇ ਸਨ। ਇਸ ਕਰਕੇ ਨਿਰਾਸ਼ਾ ਵਿੱਚ ਕੁਝ ਨਸ਼ਾ ਲੈਣ ਲੱਗ ਪਏ ਤੇ ਕੁਝ ਵਿਦੇਸ਼ ਚਲੇ ਗਏ। ਖਾਲੀ ਮਨ ਸ਼ੈਤਾਨ ਦਾ ਘਰ ਹੈ। 


ਉਨ੍ਹਾਂ ਕਿ ਜੇਕਰ ਉਨ੍ਹਾਂ ਨੂੰ ਨੌਕਰੀ ਦੇ ਦਿੱਤੀ ਜਾਵੇ। ਉਹ ਡਿਗਰੀ ਦੇ ਹਿਸਾਬ ਨਾਲ ਅਧਿਕਾਰੀ ਬਣ ਜਾਂਦੇ ਹਨ ਤਾਂ ਨਸ਼ਿਆਂ ਲਈ ਕੋਈ ਥਾਂ ਨਹੀਂ ਬਚੇਗੀ। ਪੰਜਾਬ ਦੀ ਮਿੱਟੀ ਇੰਨੀ ਉਪਜਾਊ ਹੈ ਕਿ ਇੱਥੇ ਤੁਸੀਂ ਜੋ ਚਾਹੋ ਬੀਜ ਸਕਦੇ ਹੋ, ਪਰ ਇੱਥੇ ਨਫ਼ਰਤ ਲਈ ਕੋਈ ਥਾਂ ਨਹੀਂ।