ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਆਪਸ ਵਿੱਚ ਨਹੁੰ-ਮਾਸ ਦਾ ਰਿਸ਼ਤਾ ਦੱਸਦੇ ਹਨ, ਪਰ ਅੱਜ ਇਸੇ ਰਿਸ਼ਤੇ ਵਿੱਚ ਸ਼ਰੀਕੇਬਾਜ਼ੀ ਦਿੱਸਣ ਲੱਗੀ। ਬੀਜੇਪੀ ਦੇ ਸਮਾਗਮ ਵਿੱਚ ਜਦ ਅਕਾਲੀਆਂ ਨੂੰ ਆਪਣੇ ਵਿਰੁੱਧ ਸੂਚਨਾ ਐਲਾਨੇ ਜਾਣ 'ਤੇ ਮਿਰਚਾਂ ਲੱਗੀਆਂ ਤੇ ਉਹ ਗੁੱਸੇ ਵਿੱਚ ਕੁਰਸੀਆਂ ਛੱਡ ਕੇ ਉੱਠ ਗਏ।


ਦਰਅਸਲ, ਬਠਿੰਡਾ ਵਿੱਚ ਭਾਜਪਾ ਨੇ ਸਮਾਗਮ ਰੱਖਿਆ ਸੀ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਉੱਥੇ ਪਹੁੰਚਣਾ ਸੀ। ਇਸ ਲਈ ਅਕਾਲੀ ਦਲ ਦੇ ਵਰਕਰ ਵੀ ਉੱਥੇ ਮੌਜੂਦ ਸਨ। ਪਰ ਇਸੇ ਦੌਰਾਨ ਸਟੇਜ ਤੋਂ ਐਲਾਨ ਹੋਇਆ ਕਿ ਇਹ ਭਾਜਪੀ ਦਾ ਪ੍ਰੋਗਰਾਮ ਹੈ ਤੇ ਇਸ ਵਿੱਚ ਕੋਈ ਵੀ ਦੂਜੀ ਪਾਰਟੀ ਦਾ ਵਰਕਰ ਨਾ ਬੈਠੇ।

ਸਟੇਜ ਤੋਂ ਇਹ ਸੁਣ ਅਕਾਲੀ ਵਰਕਰਾਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ਤੇ ਉਹ ਕੁਰਸੀਆਂ ਛੱਡ ਕੇ ਬਾਹਰ ਚਲੇ ਗਏ। ਜਦ ਇਸ ਬਾਰੇ ਹਰਸਿਮਰਤ ਬਾਦਲ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਇਸ ਮਾਮਲੇ ਤੋਂ ਅਣਜਾਣ ਹੋਣ ਦੀ ਗੱਲ ਕਹੀ। ਉੱਥੇ ਹੀ ਭਾਜਪਾ ਦੇ ਸ਼ਹਿਰੀ ਪ੍ਰਧਾਨ ਵਿਨੋਦ ਮਿੰਟਾ ਨੇ ਸਟੇਜ ਤੋਂ ਹੋਈ ਅਨਾਊਂਸਮੈਂਟ ਬਾਰੇ ਮੁਆਫ਼ੀ ਵੀ ਮੰਗੀ। ਉਨ੍ਹਾਂ ਕਿਹਾ ਕਿ ਅਕਾਲੀ-ਬੀਜੇਪੀ ਇੱਕਜੁੱਟ ਹੈ ਤੇ ਇਕੱਠੇ ਹੀ ਚੋਣ ਲੜਨਗੇ।