ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਇਸ ਵੇਲੇ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਦਬਦਬਾ ਹੈ ਪਰ ਵਰਕਰਾਂ ਤੇ ਲੀਡਰਾਂ ਵਿੱਚ ਉਨ੍ਹਾਂ ਪ੍ਰਤੀ ਰੋਹ ਵੀ ਹੈ। ਇਸ ਦਾ ਖੁਲਾਸਾ ਪਾਰਟੀ ਦੇ ਬਾਗੀ ਲੀਡਰ ਗੁਰਵਿੰਦਰ ਸਿੰਘ ਬਾਲੀ ਨੇ ਕੀਤਾ ਹੈ। ਹੈਰਾਨੀ ਦੀ ਗੱਲ਼ ਤਾਂ ਇਹ ਹੈ ਕਿ ਬਾਲੀ ਨੇ ਵੀ ਉਹੀ ਇਲਜ਼ਾਮ ਕੈਪਟਨ 'ਤੇ ਲਾਏ ਜਿਹੜੇ ਵਿਰੋਧੀ ਅਕਸਰ ਲਾਉਂਦੇ ਹਨ। ਉਂਝ ਪਾਰਟੀ ਬਾਲੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ। ਪਾਰਟੀ ਵੱਲੋਂ ਬਾਲੀ ’ਤੇ ਅਨੁਸਾਸ਼ਨ ਭੰਗ ਕਰਨ ਦੇ ਦੋਸ਼ ਲਾਏ ਗਏ ਹਨ।


ਦਰਅਸਲ ਬਾਲੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਬਾਲੀ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਦੀ ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਆਲਮ ’ਤੇ ਵੀ ਤਿੱਖੇ ਹਮਲੇ ਕੀਤੇ ਸੀ। ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਕੋਈ ਟਿਕਟ ਲੈਣੀ ਹੋਵੇ, ਮੰਤਰੀ ਬਣਨਾ ਹੋਵੇ ਜਾਂ ਚੇਅਰਮੈਨ ਲੱਗਣਾ ਹੋਵੇ, ਸਭ ਕਾਸੇ ਲਈ ਅਰੂਸਾ ਆਲਮ ਤੱਕ ਪਹੁੰਚ ਕਰਨ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ’ਤੇ ਇਲਜ਼ਾਮ ਲਾਇਆ ਸੀ ਕਿ ਉਹ ਕਿਸੇ ਵੀ ਵਰਕਰ ਨੂੰ ਨਹੀਂ ਮਿਲਦੇ ਤੇ ਝੂਠ ਬੋਲਦੇ ਹਨ।

ਦੂਜੇ ਪਾਸੇ ਕੈਪਟਨ ਪੱਖੀ ਲੀਡਰਾਂ ਦਾ ਕਹਿਣਾ ਹੈ ਕਿ ਬਾਲੀ ਸੰਸਦੀ ਚੋਣਾਂ ਲਈ ਟਿਕਟ ਦਾ ਚਾਹਵਾਨ ਸੀ। ਟਿਕਟ ਨਾ ਮਿਲਣ ਕਰਕੇ ਖਫ਼ਾ ਹੋ ਗਿਆ ਤੇ ਮੁੱਖ ਮੰਤਰੀ ’ਤੇ ਨਿੱਜੀ ਹਮਲੇ ਕਰ ਦਿੱਤੇ। ਬਾਲੀ ਦੀ ਇਸ ਵੀਡੀਓ ਨੇ ਸੰਸਦੀ ਚੋਣਾਂ ਦੇ ਮਾਹੌਲ ਵਿੱਚ ਕਾਂਗਰਸ ਨੂੰ ਸਿਆਸੀ ਤੌਰ ’ਤੇ ਨੁਕਸਾਨ ਪਹੁੰਚਾਇਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬਾਲੀ ਵੱਲੋਂ ਮੁੱਖ ਮੰਤਰੀ ਖ਼ਿਲਾਫ਼ ਕੀਤੀ ਗਈ ਬਿਆਨਬਾਜ਼ੀ ਨਾਲ ਪਾਰਟੀ ਦੇ ਅਕਸ ਨੂੰ ਧੱਕਾ ਲੱਗਿਆ ਹੈ। ਇਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ।