ਪੰਚਕੂਲਾ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਸਮਰਥਨ ਵਿੱਚ ਇੱਥੇ ਇਕੱਤਰ ਹੋ ਰਹੇ ਡੇਰਾ ਪ੍ਰੇਮੀ ਪ੍ਰਸ਼ਾਸਨ ਲਈ ਲਗਾਤਾਰ ਸਿਰਦਰਦੀ ਬਣਦੇ ਜਾ ਰਹੇ ਹਨ। ਉਨ੍ਹਾਂ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਪੁਲਿਸ ਤੇ ਸੁਰੱਖਿਆ ਦਸਤਿਆਂ ਨੂੰ ਮੁਸੀਬਤ ਵਿੱਚ ਪਾ ਸਕਦੀ ਹੈ। ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਬਾਵਜੂਦ ਲੱਖਾਂ ਦੀ ਗਿਣਤੀ ਵਿੱਚ ਡੇਰਾ ਸਮਰਥਕ ਪੰਚਕੂਲਾ ਪਹੁੰਚ ਰਹੇ ਹਨ।
ਇਸੇ ਦੌਰਾਨ, ਹਰਿਆਣਾ ਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਧਾਰਾ 144 ਕਿਸੇ ਦੁਰਘਟਨਾ ਦੇ ਨਾ ਵਾਪਰਨ ਲਈ ਲਾਈ ਗਈ ਹੈ, ਪਰ ਡੇਰਾ ਪ੍ਰੇਮੀਆਂ ਦੀ ਸ਼ਰਧਾ 'ਤੇ ਇਹ ਲਾਗੂ ਨਹੀਂ ਹੁੰਦੀ। ਮੰਤਰੀ ਨੇ ਕਿਹਾ ਕਿ ਹਰਿਆਣਾ ਪੁਲਿਸ ਧਾਰਾ 144 ਤੇ ਕਾਨੂੰਨ ਵਿਵਸਥਾ ਕਾਬੂ ਕਰਨ ਦਾ ਕੰਮ ਕਰ ਰਹੀ ਹੈ।
ਰਾਮ ਬਿਲਾਸ ਸ਼ਰਮਾ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਸਿਰਸਾ ਨੇ ਮੋਦੀ ਸਰਕਾਰ ਦੀ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਨੂੰ ਹੋਰ ਉਤਸ਼ਾਹਤ ਕੀਤਾ ਸੀ। ਇਸ ਲਈ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਕੋਈ ਹਿੰਸਾ ਨਹੀਂ ਕਰਨਗੇ।