ਚੰਡੀਗੜ੍ਹ ; ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਗੋਚਰ ਵਿਚ ਇਕ ਔਰਤ ਦੇ ਵਾਲ ਕੱਟਣ ਦੀ ਘਟਨਾ ਸਾਹਮਣੇ ਆਈ ਹੈ। ਅੱਡਾ ਗੋਚਰ ਵਿਚ ਲੱਕੜ ਦਾ ਕਾਰੋਬਾਰ ਕਰਦੇ ਗੁਰਨੈਬ ਸਿੰਘ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਉਸ ਦੀ ਲੜਕੀ ਵੱਲੋਂ ਫੋਨ ਕਰਨ ’ਤੇ ਜਦੋਂ ਘਰ ਪਹੁੰਚ ਕੇ ਦੇਖਿਆ ਤਾਂ ਉਸ ਦੀ ਪਤਨੀ ਰਾਜ ਕੁਮਾਰੀ ਦੀ ਗੁੱਤ ਕੱਟੀ ਹੋਈ ਸੀ ਤੇ ਪਿੰਡ ਵਾਸੀ ਘਟਨਾ ਦਾ ਪਤਾ ਲੱਗਣ ’ਤੇ ਉਸ ਦੇ ਘਰ ’ਚ ਇਕੱਠੇ ਹੋ ਗਏ ਸਨ। ਇਸ ਦੌਰਾਨ ਉਸ ਦੀ ਪਤਨੀ ਦੀ ਤਬੀਅਤ ਵਿਗੜ ਗਈ ਤੇ ਜਿਸ ਨੂੰ ਉਹ ਤੁਰੰਤ ਆਨੰਦਪੁਰ ਸਾਹਿਬ ਵਿਖੇ ਇਕ ਪ੍ਰਾਈਵੇਟ ਹਸਪਤਾਲ ’ਚ ਇਲਾਜ ਲਈ ਲੈ ਗਏ।

ਹੋਸ਼ ਆਉਣ ’ਤੇ ਉਸ ਦੀ ਪਤਨੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਲੜਕੇ ਨੂੰ ਦਵਾਈ ਪਿਲਾ ਰਹੀ ਸੀ ਤਾਂ ਉਸ ਦੀ ਲੜਕੀ ਨੇ ਦੱਸਿਆ ਕਿ ਮੰਮੀ ਤੁਹਾਡੀ ਗੁੱਤ ਕੱਟੀ ਹੋਈ ਹੇਠਾਂ ਪਈ ਹੈ। ਉਸ ਨੇ ਦੱਸਿਆ ਕਿ ਦਵਾਈ ਪਿਲਾਉਣ ਤੋਂ ਪਹਿਲਾਂ ਉਹ ਰਸੋਈ ’ਚ ਕੰਮ ਕਰ ਰਹੀ ਸੀ ਤੇ ਜਾਲੀ ਵਾਲੇ ਦਰਵਾਜ਼ੇ ਲੱਗੇ ਹੋਣ ’ਤੇ ਵੀ ਇਹ ਕਿਵੇਂ ਹੋ ਗਿਆ ਪਤਾ ਨਹੀਂ ਚੱਲ ਸਕਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੌਕੀ ਕਲਵਾਂ ਤੋਂ ਪੁਲੀਸ ਮੁਲਾਜ਼ਮ ਪਹੁੰਚ ਗਏ ਪਰ ਉਨ੍ਹਾਂ ਨੂੰ ਵੀ ਇਸ ਘਟਨਾ ਸਬੰਧੀ ਕੁਝ ਸਮਝ ਨਹੀਂ ਆਇਆ। ਇਸ ਘਟਨਾ ਨੂੰ ਲੈ ਕੇ ਪਿੰਡ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।