ਚੰਡੀਗੜ੍ਹ: ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੂੰ ਦਿੱਤੀ ਗਈ ਧਮਕੀ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਰਹੀ ਹੈ। ਪਰਗਟ ਸਿੰਘ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਜਿਸ ਮਗਰੋਂ ਵਿਰੋਧੀ ਪਾਰਟੀਆਂ ਨੇ ਵੀ ਕੈਪਟਨ ਸਰਕਾਰ ਨੂੰ ਘੇਰਨ ਵਿੱਚ ਦੇਰ ਨਹੀਂ ਲਾਈ।
ਪ੍ਰਗਟ ਸਿੰਘ ਨੇ ਕਿਹਾ," ਵੀਰਵਾਰ ਨੂੰ ਮੈਨੂੰ ਸੰਦੀਪ ਸੰਧੂ (ਰਾਜਨੀਤਕ ਸਕੱਤਰ ਮੁੱਖ ਮੰਤਰੀ ਪੰਜਾਬ) ਦਾ ਫੋਨ ਆਇਆ, ਜਿਨ੍ਹਾਂ ਕੋਲ ਮੇਰੇ ਲਈ ਮੁੱਖ ਮੰਤਰੀ ਦਾ ਸੰਦੇਸ਼ ਸੀ, ਉਸ ਨੇ ਕਿਹਾ ਕਿ ਉਨ੍ਹਾਂ ਕੋਲ ਤੁਹਾਡੀਆਂ ਕਰਤੂਤਾਂ ਦੀ ਲਿਸਟ ਹੈ ਤੇ ਤੈਨੂੰ ਠੀਕ ਕੀਤਾ ਜਾਏਗਾ। ਕੀ ਇਹ ਸੱਚ ਬੋਲਣ ਦੀ ਸਜ਼ਾ ਹੈ? ਅਸੀਂ ਬੇਅਦਬੀ ਮਾਮਲਾ, ਨਸ਼ਾ ਤਸਕਰੀ, ਮਾਈਨਿੰਗ ਤੇ ਮਾਫੀਆ ਵਰਗੇ ਮੁੱਦੇ ਚੁੱਕ ਕੇ ਪੰਜਾਬ ਨੂੰ ਲੀਹ ਤੇ ਲਿਆਉਣ ਦੀ ਅਸੀਂ ਕੋਸ਼ਿਸ਼ ਕਰਕੇ ਹਾਂ। ਜੇ ਇਹ ਇਸ ਸਭ ਦੀ ਸਜ਼ਾ ਹੈ ਤਾਂ ਮੈਨੂੰ ਮਨਜ਼ੂਰ ਹੈ।"
ਇਸ ਮਗਰੋਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ, "ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵਿਧਾਇਕ ਨੂੰ ਵਿਜੀਲੈਂਸ ਦੀ ਖੁੱਲ੍ਹੀ ਧਮਕੀ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ।"
ਉਨ੍ਹਾਂ ਕਿਹਾ, "ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸੰਵਿਧਾਨ ਮੁਤਾਬਕ ਚਲਾਉਣ ਦੀ ਬਜਾਏ ਪਟਿਆਲਾ ਰਿਆਸਤ ਦੀ ਰਜਵਾੜਾ ਸ਼ਾਹੀ ਸਿਸਟਮ ਨਾਲ ਚਲਾ ਰਹੇ ਹਨ। ਵਿਧਾਇਕਾਂ ਤੇ ਨੇਤਾਵਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਦੇ ਮੰਤਰੀ ਚਰਨਜੀਤ ਚੰਨੀ ਨੂੰ ਧਮਕਾਇਆ ਜਾਂਦਾ ਹੈ। ਕਦੇ ਵਿਧਾਇਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਇਹ ਲੋਕਤੰਤਰ ਹੈ?"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :