ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਦੱਬਕੇ ਮਾਰਨ ਮਗਰੋਂ ਹੁਣ ਬੀਜੇਪੀ ਪੰਜਾਬ ਵਿੱਚ ਨਰਮ ਸੁਰ ਅਪਣਾਉਣ ਦੀ ਰਣਨੀਤੀ ਘੜ ਰਹੀ ਹੈ। ਇਸ ਲਈ ਬੀਜੇਪੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ 20 ਫਰਵਰੀ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਪਿੰਡ ਬਾਦਲ ਪੁੱਜ ਰਹੇ ਹਨ। ਚਰਚਾ ਹੈ ਕਿ ਦਿੱਲੀ ਵਿੱਚ ਮਿਲੀ ਸ਼ਰਮਨਾਕ ਹਾਰ ਮਗਰੋਂ ਬੀਜੇਪੀ ਦੀ ਨਸ਼ਾ ਉੱਤਰਿਆ ਹੈ। ਹੁਣ ਉਹ ਭਾਈਵਾਲਾਂ ਨੂੰ ਕਿਸੇ ਵੀ ਕੀਮਤ 'ਤੇ ਨਾਰਾਜ਼ ਨਹੀਂ ਕਰਨਾ ਚਾਹੇਗਾ।


ਦੱਸ ਦਈਏ ਕਿ ਪਹਿਲਾਂ ਹਰਿਆਣਾ ਤੇ ਫਿਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਅੱਖਾਂ ਵਿਖਾਈਆਂ ਸੀ। ਇਸ ਮਗਰੋਂ ਪੰਜਾਬ ਦੀ ਬੀਜੇਪੀ ਲੀਡਰ ਵੀ ਅਕਾਲੀ ਦਲ ਤੋਂ ਵੱਧ ਸੀਟਾਂ ਮੰਗਣ ਦੀ ਰਾਗ ਅਲਾਪਣ ਲੱਗੇ ਸੀ। ਦਿੱਲੀ ਵਿੱਚ ਮਿਲੀ ਹਾਰ ਮਗਰੋਂ ਬੀਜੇਪੀ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਹੋਈ ਹੈ।

ਸੂਤਰਾਂ ਮੁਤਾਬਕ ਦੋਵਾਂ ਭਾਈਵਾਲ ਪਾਰਟੀਆਂ ਵਿਚਾਲੇ ਤਣਾਅ ਨੂੰ ਸ਼ਾਂਤ ਕਰਨ ਲਈ ਕੌਮੀ ਲੀਡਰਸ਼ਿਪ ਸਰਗਰਮ ਹੋ ਗਈ ਹੈ। ਇਸ ਲਈ ਕੌਮੀ ਪ੍ਰਧਾਨ ਜੇਪੀ ਨੱਢਾ ਖੁਦ ਬਾਦਲ ਨੂੰ ਮਿਲਣ ਉਨ੍ਹਾਂ ਦੇ ਪਿੰਡ ਪਹੁੰਚ ਰਹੇ ਹਨ। ਕੌਮੀ ਪ੍ਰਧਾਨ ਦੀ ਆਮਦ ਸਬੰਧੀ ਮੰਗਲਵਾਰ ਨੂੰ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ। ਦੋਵੇਂ ਲੀਡਰਾਂ ਵਿਚਾਲੇ ਨੱਢਾ ਦੀ ਆਮਦ ਤੇ ਪੰਜਾਬ ਸਿਆਸਤ ਨਾਲ ਜੁੜੇ ਵੱਖ-ਵੱਖ ਨੁਕਤਿਆਂ ’ਤੇ ਵਿਚਾਰ-ਵਟਾਂਦਰਾ ਹੋਇਆ।

ਮੰਨਿਆ ਜਾ ਰਿਹਾ ਹੈ ਕਿ ਦਿੱਲੀ ਚੋਣਾਂ ਵਿੱਚ ਸ਼ੁਰੂਆਤੀ ਤੌਰ ’ਤੇ ਅਕਾਲੀ ਦਲ ਤੋਂ ਵੱਖ ਹੋ ਕੇ ਵਿੱਢੀ ਸਿਆਸੀ ਮੁਹਿੰਮ ਵਿੱਚ ਕਰਾਰੀ ਹਾਰ ਮਗਰੋਂ ਭਾਜਪਾ ਲੀਡਰਸ਼ਿਪ ਨੂੰ ਸਮਝ ਆ ਗਈ ਜਾਪਦੀ ਹੈ। ਅਜਿਹੇ ਵਿੱਚ ਨੱਢਾ ਦੀ ਵੱਡੇ ਬਾਦਲ ਨਾਲ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਅਕਾਲੀ ਦਲ ਨਾਲੋਂ ਵੱਖ ਹੋ ਕੇ ਭਾਜਪਾ ਦਿੱਲੀ ਵਿੱਚ ਇੱਕ ਵੀ ਸਿੱਖ ਬਹੁਗਿਣਤੀ ਵਾਲੇ ਹਲਕੇ ‘ਚ ਨਹੀਂ ਜਿੱਤ ਨਹੀਂ ਸਕੀ।