ਅੰਮ੍ਰਿਤਸਰ: ਅੱਜ ਭਾਰਤੀ ਜਨਤਾ ਪਾਰਟੀ ਦੇ ਧਰਨੇ ਦੌਰਾਨ ਸਾਬਕਾ ਮੰਤਰੀ ਅਨਿਲ ਜੋਸ਼ੀ ਦੀ ਜੇਬ ਕੱਟੀ ਗਈ। ਜੋਸ਼ੀ ਜਦੋਂ ਸੰਬੋਧਨ ਕਰ ਰਹੇ ਸੀ ਤਾਂ ਉਨ੍ਹਾਂ ਦੀ ਜੇਬ ਕੱਟੀ ਗਈ। ਭਾਜਪਾ ਵਰਕਰਾਂ ਨੇ ਕੁਝ ਬੰਦਿਆਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੋਲੋਂ ਪਰਸ ਨਹੀਂ ਮਿਲਿਆ। ਦਰਅਸਲ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਡੀਲਰਾਂ ਨੂੰ ਐਨਓਸੀ ਜਾਰੀ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕਰਨ ਦੇ ਰੋਸ ਵਜੋਂ ਭਾਜਪਾ ਵੱਲੋਂ ਧਰਨਾ ਦਿੱਤਾ ਗਿਆ।


 

ਇਸ ਮੌਕੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਪ੍ਰਾਪਰਟੀ ਡੀਲਰਾਂ ਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਾ ਰਹੀ ਹੈ। ਜੇਕਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਉਹ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਘਰੋਂ ਨਹੀਂ ਨਿਕਲਣ ਦੇਣਗੇ।

ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੱਧੂ ਹੰਕਾਰਿਆ ਹੋਇਆ ਇਨਸਾਨ ਹੈ। ਉਹ ਆਪਣੇ ਹੰਕਾਰ ਕਾਰਨ ਹੀ ਬਜ਼ੁਰਗ ਨੂੰ ਮੁੱਕਾ ਮਾਰਕੇ ਮਾਰਨ ਦੇ ਬਾਵਜੂਦ ਉਸ ਦੇ ਪਰਿਵਾਰ ਕੋਲੋਂ ਮਾਫੀ ਮੰਗਣ ਨਹੀਂ ਗਿਆ ਪਰ ਉਸ ਨੂੰ ਆਪਣੇ ਕਰਮਾਂ ਦਾ ਹਿਸਾਬ ਦੇਣਾ ਪਵੇਗਾ।

ਜੋਸ਼ੀ ਨੇ ਕਿਹਾ ਕਿ ਉਹ ਲੋਕ ਸਭਾ ਚੋਣ ਲੜਨ ਦੀ ਕੋਈ ਤਿਆਰੀ ਨਹੀਂ ਕਰ ਰਹੇ। ਉਹ ਸਿਰਫ ਲੋਕਾਂ ਦੇ ਮਸਲੇ ਸੁਣ ਰਹੇ ਹਨ ਤੇ ਉਸ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਰਹੇ ਹਨ। ਇਹ ਪਾਰਟੀ ਦਾ ਫੈਸਲਾ ਹੈ ਕਿ ਟਿਕਟ ਕਿਸ ਨੂੰ ਦੇਣੀ ਹੈ।