ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਗਲਤੀਆਂ ਨੂੰ ਸੁਧਾਰਨ ਵਿੱਚ ਜੁੱਟ ਗਈ ਹੈ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵਿੱਢੀ ਹੈ। ਦਿਲਚਸਪ ਗੱਲ ਹੈ ਕਿ ਪਾਰਟੀ ਬਾਗੀ ਸੁਖਪਾਲ ਖਹਿਰਾ ਧੜੇ ਨੂੰ ਹੀ ਨਹੀਂ ਸਗੋਂ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਸਾਬਕਾ ਪੰਜਾਬ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਸਣੇ ਸਭ ਰੁੱਸੇ ਲੀਡਰਾਂ ਨੂੰ ਨਾਲ ਤੋਰਨ ਦੀ ਵਾਹ ਲਾ ਰਹੀ ਹੈ।


 

ਇਸ ਦੀ ਪੁਸ਼ਟੀ ਕਰਦਿਆਂ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਰੁੱਸਿਆਂ ਨੂੰ ਮਨਾ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਬਾਗੀ ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਜਲਦ ਹੀ ਇਸ ਦੇ ਚੰਗੇ ਨਤੀਜੇ ਆਉਣਗੇ। ਪਤਾ ਲੱਗਾ ਹੈ ਕਿ ਕੇਜਰੀਵਾਲ ਨੇ ਡਾ. ਬਲਬੀਰ ਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਦੀ ਇਸ ਮਿਸ਼ਨ ਲਈ ਵਿਸ਼ੇਸ਼ ਡਿਊਟੀ ਲਾਈ ਹੈ।

ਦਰਅਸਲ ਪਾਰਟੀ ਦੀ ਪੰਜਾਬ ਇਕਾਈ ਵਿੱਚ ਪਏ ਪਾੜੇ ਕਰਕੇ ਪਰਵਾਸੀ ਭਾਰਤੀ ਕਾਫੀ ਔਖੇ ਹਨ। ਪਾਰਟੀ ਨੂੰ ਸਭ ਤੋਂ ਵੱਡਾ ਫੰਡ ਪਰਵਾਸੀ ਭਾਰਤੀ ਹੀ ਦੇ ਰਹੇ ਹਨ। ਇਸ ਲਈ ਕੇਜਰੀਵਾਲ 'ਤੇ ਦਬਾਅ ਬਣਿਆ ਹੈ ਕਿ ਸਾਰੇ ਧੜਿਆਂ ਨੂੰ ਇੱਕਜੁਟ ਕੀਤਾ ਜਾਵੇ। ਉਂਝ ਵੀ ਪੰਜਾਬ ਇਕਾਈ ਦੇ ਕਲੇਸ਼ ਨੇ ਪਾਰਟੀ ਵਰਕਰਾਂ ਦੇ ਹੌਸਲੇ ਨੂੰ ਢਾਅ ਲਾਈ ਹੈ ਜਿਸ ਕਰਕੇ ਹਾਈਕਮਾਨ ਖਿਲਾਫ ਵੀ ਰੋਸ ਵਧਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਪਾਰਟੀ ਨੂੰ ਸਹੀ ਢੰਗ ਨਾਲ ਚਲਾਉਣ ਲਈ ਹਾਈਕਮਾਨ ਨੂੰ ਕੋਈ ਵੱਡਾ ਚਿਹਰਾ ਵੀ ਨਹੀਂ ਮਿਲ ਰਿਹਾ। ਇਸ ਕਰਕੇ ਪਾਰਟੀ ਪੁਰਾਣੇ ਚਿਹਰਿਆਂ ਨੂੰ ਪਾਰਟੀ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਮਨ ਬਣਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਭਗਵੰਤ ਮਾਨ ਵੀ ਪੰਜਾਬ ਦੀ ਪ੍ਰਧਾਨਗੀ ਸੰਭਾਲਣ ਲਈ ਤਿਆਰ ਨਹੀਂ ਕਿਉਂਕਿ ਖਹਿਰਾ ਧੜੇ ਖਿਲਾਫ ਡਟਣ ਕਰਕੇ ਉਨ੍ਹਾਂ ਦਾ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ।