ਜਲੰਧਰ: ਪੰਜਾਬ ਪੁਲਿਸ ਦੀ ਕਾਉਂਟਰ ਇੰਟੈਲੀਜੈਂਸ ਟੀਮ ਨੇ ਸੁਪਾਰੀ ਲੈ ਕੇ ਕਤਲ ਕਰਨ ਵਾਲੇ 3 ਗੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਆਬਾ ਦੇ ਇਨ੍ਹਾਂ ਤਿੰਨਾਂ ਬਦਮਾਸ਼ਾਂ ਦੇ ਤਾਰ ਲੁਧਿਆਣਾ ਦੇ ਰਿੰਕਲ ਮਰਡਰ ਕੇਸ ਨਾਲ ਜੁੜੇ ਹਨ। ਲੁਧਿਆਣਾ ਦੇ ਕਾਂਗਰਸੀ ਕੌਂਸਲਰ ਦੇ ਪੁੱਤਰ ਜਤਿੰਦਰਪਾਲ ਸੰਨੀ ਉੱਪਰ ਗੁੰਡਿਆਂ ਨੂੰ ਪੈਸੇ ਦੇ ਕੇ ਆਪਣੀ ਨਿਜੀ ਦੁਸ਼ਮਣ (ਰਿੰਕਲ) ਨੂੰ ਸਬਕ ਸਿਖਾਉਣ ਦੇ ਇਲਜ਼ਾਮ ਲੱਗਾ ਹੈ।


ਏਆਈਜੀ ਕਾਉਂਟਰ ਇੰਟੈਲੀਜੈਂਸ ਹਰਕਮਲਪ੍ਰੀਤ ਖੱਖ ਨੇ ਦੱਸਿਆ ਕਿ ਹਮਲੇ ਵਿੱਚ ਜ਼ਿਆਦਾ ਸੱਟਾਂ ਲੱਗਣ ਕਾਰਨ ਰਿੰਕਲ ਦੀ ਮੌਤ ਹੋ ਗਈ ਸੀ। ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਦਾ ਪੁੱਤਰ ਜਤਿੰਦਰਪਾਲ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ ਹੈ ਅਤੇ ਹੁਣ ਪੁਲਿਸ ਨੇ ਤਿੰਨ ਸੁਪਾਰੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਬੀਤੀ ਜੁਲਾਈ ਵਿੱਚ ਲੁਧਿਆਣਾ ਦੇ ਰਿੰਕਲ ਖਹਿਰਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਅੱਜ ਫੜੇ ਤਿੰਨ ਬਦਮਾਸ਼ ਸ਼ੇਰੂ ਗਰੁੱਪ ਨਾਲ ਜੁੜੇ ਹੋਏ ਹਨ। ਪੁਲਿਸ ਮੁਤਾਬਕ ਤਿੰਨਾਂ ਨਾਲ ਦੋ ਹੋਰ ਬਦਮਾਸ਼ ਵੀ ਸਨ ਜੋ ਭੱਜਣ ਵਿੱਚ ਫਰਾਰ ਹੋ ਗਏ। ਪੁਲਿਸ ਨੇ ਇਨ੍ਹਾਂ ਤੋਂ ਦੋ ਕਾਰਾਂ, ਦੋ ਪਿਸਟਲ ਅਤੇ ਗੋਲ਼ੀਆਂ ਵੀ ਬਰਾਮਦ ਹੋਈਆਂ ਹਨ।

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਤਿੰਨੇ ਬਦਮਾਸ਼ਾਂ ਵਿਰੁੱਧ ਪਹਿਲਾਂ ਹੀ ਲੁੱਟਾਂ-ਖੋਹਾਂ ਦੇ ਦਰਜਨਾਂ ਕੇਸ ਦਰਜ ਹਨ। ਪੁਲਿਸ ਨੇ ਦੱਸਿਆ ਕਿ ਰਿੰਕਲ ਉੱਪਰ ਹਮਲਾ ਕਰਨ ਤੋਂ ਪਹਿਲਾਂ ਲੁਧਿਆਣਾ ਦੇ ਹੋਟਲ ਵਿੱਚ ਰੁਕੇ। ਇੰਨਾ ਹੀ ਨਹੀਂ ਇੱਕ ਗੁੰਡੇ ਨੇ ਪੁਲਿਸ ਨੂੰ ਧੋਖਾ ਦੇਣ ਲਈ ਰੂਪ ਵੀ ਬਦਲਿਆ ਸੀ।