ਗੁਰਦਾਸਪੁਰ: ਵਿਧਾਨ ਸਭਾ ਵਿੱਚ ਬੇਅਦਬੀ ਮਾਮਲਿਆਂ ਦੀ ਜਾਂਚ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਤੋਂ ਕਰਵਾਉਣ ਦੇ ਪਾਸ ਕੀਤੇ ਮਤੇ 'ਤੇ ਫੁੱਲ ਚੜ੍ਹਾਉਣ ਭਾਵ ਐਸਆਈਟੀ ਦਾ ਗਠਨ ਕਰਨ ਤੋਂ ਬਾਅਦ ਕੈਪਟਨ ਦੇ ਮੰਤਰੀਆਂ ਨੇ ਹੀ ਇਸ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੰਗ ਕੀਤੀ ਹੈ ਕਿ ਐਸਆਈਟੀ ਨੂੰ ਜਾਂਚ ਕਰਨ ਲਈ ਮਿਥਿਆ ਸਮਾਂ ਹੀ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਿੱਧੂ ਦੇ ਸਾਥੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਖ਼ਾਸ ਮਕਸਦ ਲਈ ਬਾਦਲਾਂ ਦੀ ਲੰਮੀ ਉਮਰ ਦੀ ਅਰਦਾਸ ਵੀ ਕੀਤੀ।


ਗੁਰਦਾਸਪੁਰ 'ਚ ਧਾਰਮਿਕ ਸਮਾਗਮ ਵਿੱਚ ਪਹੁੰਚੇ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਤਿੱਖੇ ਹਮਲੇ ਕੀਤੇ। ਇਸ ਤੋਂ ਇਲਾਵਾ ਮੰਤਰੀ ਨੇ ਕਿਹਾ ਕਿ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਲਿਖੇ ਪੱਤਰ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ।

ਉੱਧਰ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਧਾਰਮਿਕ ਸਮਾਗਮ ਵਿੱਚ ਇਹ ਅਰਦਾਸ ਕਰਨ ਜਾ ਰਹੇ ਹਨ ਕਿ ਬਾਦਲ ਪਰਿਵਾਰ ਦੀ ਉਮਰ ਲੰਬੀ ਹੋਵੇ ਤਾਂ ਉਹ ਜਿਊਂਦੇ ਜੀਅ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਮਿਲਣ ਵਾਲੀ ਸਜ਼ਾ ਨੂੰ ਦੇਖ ਸਕੇ।

ਜ਼ਿਲ੍ਹੇ ਦੇ ਪਿੰਡ ਨਿੱਕੇ ਘੁੰਮਨ ਵਿੱਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚੋਂ ਭੱਜ ਰਿਹਾ ਹੈ। ਉਲਟਾ ਕਾਂਗਰਸੀਆਂ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾ ਰਿਹਾ ਹੈ। ਉਨ੍ਹਾਂ ਕਿਹਾ ਦੀ ਉਨ੍ਹਾਂ ਦੇ ਹਲਕੇ ਵਿੱਚ ਅਕਾਲੀ ਦਲ ਨੇ ਹੀ ਪੱਥਰਬਾਜ਼ੀ ਕੀਤੀ ਸੀ, ਜਦੋਂ ਅਕਾਲੀ ਕੋਈ ਵਾਰ ਕਰੇਗਾ ਤਾਂ ਕਾਂਗਰਸ ਵਰਕਰ ਵੀ ਜਵਾਬ ਦੇਣਗੇ ਕਿਉਂਕਿ ਕਾਂਗਰਸੀਆਂ ਨੇ ਕੋਈ ਚੂੜੀਆਂ ਤਾਂ ਪਾਈਆਂ ਨਹੀਂ।

ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਤੇ ਬਹਿਬਲ ਕਲਾਂ ਮਾਮਲੇ ਦੀ ਜਾਂਚ ਲਈ ਬਣਾਈ ਐਸਆਈਟੀ ਨੂੰ ਸਮਾਂਬੱਧ ਪੜਤਾਲ ਕੀਤੇ ਜਾਣ ਦੇ ਹੁਕਮ ਹੋਣੇ ਚਾਹੀਦੇ ਹਨ ਤਾਂ ਜੋ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਸਜ਼ਾ ਹੋ ਸਕੇ। ਸਿੱਧੂ ਨੇ ਕਿਹਾ ਦੀ ਇੰਨੇ ਦਿਨ ਸਾਬਕਾ ਮੁੱਖ ਮੰਤਰੀ ਆਪਣੇ ਆਪ ਨੂੰ ਬਿਮਾਰ ਦੱਸ ਤੇ ਲੁਕ ਰਹੇ ਸਨ ਤੇ ਜੇਕਰ ਬਾਹਰ ਆਏ ਤਾਂ ਉਨ੍ਹਾਂ ਪੰਜਾਬ ਵਿੱਚ ਮਾਹੌਲ ਖ਼ਰਾਬ ਹੋਣ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਮੰਤਰੀ ਨੇ ਕਿਹਾ ਕਿ ਕੋਈ ਮਾਹੌਲ ਖ਼ਰਾਬ ਨਹੀਂ ਤੇ ਕੋਈ ਫਿਰਕੂ ਤਾਕਤਾਂ ਪੰਜਾਬ ਵਿੱਚ ਨਹੀਂ, ਉਲਟਾ ਜੋ ਇਨ੍ਹਾਂ ਲੋਕਾਂ ਨੇ ਸਿੱਖ ਪੰਥ ਦੇ ਨਾਂ 'ਤੇ ਨਿੱਜੀ ਮੁਨਾਫ਼ਾ ਕਮਾਇਆ ਹੈ, ਉਸ ਦਾ ਜਵਾਬ ਹੁਣ ਸਿੱਖ ਮੰਗ ਰਹੇ ਹਨ।