ਚੰਡੀਗੜ੍ਹ: ਕਿਸਾਨਾਂ ਤੇ ਹਾਈਵੇਅ ਦੇ ਮੁੱਦੇ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਬਾਅਦ ਸੁਖਬੀਰ ਬਾਦਲ ਨੇ ਦੱਸਿਆ ਕਿ ਕਿਸਾਨਾਂ ਨੂੰ ਹਾਰਵੈਸਟਰ ਕੰਬਾਈਨ ਲੈਣ ’ਤੇ ਕਮਰਸ਼ੀਅਲ ਟੈਕਸ ਦੇਣਾ ਪੈਂਦਾ ਸੀ। ਇਸ ਨੂੰ ਕਿਸਾਨ ਸ਼੍ਰੇਣੀ ਵਿੱਚ ਲਿਆਉਣ ਦੀ ਮੰਗ ਕੀਤੀ ਗਈ, ਜਿਸ ਨੂੰ ਮੰਤਰਾਲੇ ਨੇ ਪ੍ਰਵਾਨ ਕਰ ਲਿਆ।

ਸੁਖਬੀਰ ਬਾਦਲ ਨੇ ਦੱਸਿਆ ਕਿ ਜਲਦ ਹੀ ਹਾਰਵੈਸਟਰ ਮਸ਼ੀਨਾਂ ਕਿਸਾਨੀ ਖੇਤਰ ਵਿੱਚ ਆ ਜਾਣਗੀਆਂ ਜਿਸ ਨਾਲ ਕਿਸਾਨਾਂ ਦਾ ਕਰੀਬ 80 ਤੋਂ 90 ਹਜ਼ਾਰ ਰੁਪਏ ਦਾ ਖ਼ਰਚ ਬਚੇਗਾ।

ਇਸ ਮੁਲਾਕਾਤ ਵਿੱਚ ਮੰਗ ਰੱਖੀ ਗਈ ਕਿ ਪੰਜਾਬ ਦੇ ਜਲੰਧਰ ਤੋਂ ਅਜਮੇਰ ਸ਼ਰੀਫ ਲਈ ਡਾਇਰੈਕਟ ਐਕਸਪ੍ਰੈੱਸ ਵੇਅ ਬਣੇ ਤੇ ਉੱਥੋਂ ਆਸਾਨੀ ਨਾਲ ਸਾਮਾਨ ਲਿਆ ਕੇ ਮੁੰਬਈ ਲਿਜਾਇਆ ਜਾ ਸਕੇ। ਨਿਤਿਨ ਗਡਕਰੀ ਨੇ ਭਰੋਸਾ ਜਤਾਇਆ ਹੈ ਕਿ ਇਸ ਮੰਗ ’ਤੇ ਵੀ ਜਲਦੀ ਵਿਚਾਰ ਕੀਤਾ ਜਾਏਗਾ।