ਚੰਡੀਗੜ੍ਹ: ਫਰੀਦਕੋਟ ਦੇ 2012 ’ਚ ਵਾਪਰੇ ਬਹੁ ਚਰਚਿਤ ਅਗਵਾ ਕਾਂਡ ਦੇ ਮੁੱਖ ਦੋਸ਼ੀ ਨਿਸ਼ਾਨ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ। ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੀੜਤ ਲੜਕੀ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ 90 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਅਜਿਹਾ ਨਾ ਕਰਨ 'ਤੇ ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਦੋਸ਼ੀ ਨਿਸ਼ਾਨ ਸਿੰਘ ਦੀ ਜਾਇਦਾਦ ਵੇਚ ਕੇ ਪੀੜਤ ਨੂੰ ਮੁਆਵਜ਼ਾ ਦਿੱਤਾ ਜਾਏ।

ਅਦਾਲਤ ਨੇ ਫਰੀਦਕੋਟ ਦੇ ਡੀਸੀ ਨੂੰ ਨਿਰਦੇਸ਼ ਦਿੱਤਾ ਕਿ 10 ਹਫਤਿਆਂ ਅੰਦਰ ਦੋਸ਼ੀ ਦੀ ਜਾਇਦਾਦ ਨਿਲਾਮ ਕਰਵਾ ਕੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਏ ਤੇ ਇਸਦੀ ਰਿਪੋਰਟ ਅਦਾਲਤ ਨੂੰ ਪੇਸ਼ ਕੀਤੀ ਜਾਏ।

ਜ਼ਿਕਰਯੋਗ ਹੈ ਕਿ 24 ਸਤੰਬਰ 2012 ਨੂੰ ਨਿਸ਼ਾਨ ਸਿੰਘ ਤੇ ਉਸ ਦੇ ਕੁਝ ਸਾਥੀਆਂ ਨੇ ਹਥਿਆਰਾਂ ਦੀ ਨੋਕ ’ਤੇ ਫਰੀਦਕੋਟ ਸ਼ਹਿਰ ਮੁਹੱਲਾ ਡੋਗਰ ਬਸਤੀ ਚ ਦਿਨ-ਦਿਹਾੜੇ ਇਕ ਨਾਬਾਲਿਗ ਲੜਕੀ ਨੂੰ ਉਸ ਦੇ ਘਰੋਂ ਅਗਵਾ ਕਰ ਲਿਆ ਸੀ। ਲੜਕੀ ਦੇ ਪਰਿਵਾਰ ਨਾਲ ਮਾਰਕੁੱਟ ਵੀ ਕੀਤੀ ਤੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸਤੋਂ ਤਿੰਨ ਮਹੀਨੇ ਪਹਿਲਾਂ ਵੀ ਲੜਕੀ ਨੂੰ ਅਗਵਾ ਕਰ ਕੇ ਲੈ ਗਏ ਸੀ। ਉਦੋਂ ਪਰਿਵਾਰ ਨੇ ਪੁਲਿਸ ਦੀ ਮਦਦ ਨਾਲ ਇੱਕ ਮਹੀਨੇ ਬਾਅਦ ਸ਼ਰੂਤੀ ਨੂੰ ਲੱਭਿਆ ਸੀ। ਉਸ ਵੇਲੇ ਵੀ ਨਿਸ਼ਾਨ 'ਤੇ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਸੀ, ਪਰ ਪੁਲਿਸ ਨੇ ਸਿਆਸੀ ਦਬਾਅ ਕਾਰਨ ਉਸਨੂੰ  ਗ੍ਰਿਫਤਾਰ ਨਹੀਂ ਕੀਤਾ ਸੀ।