ਚੰਡੀਗੜ੍ਹ: ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਅਕਾਲੀ ਦਲ ਨੂੰ ਉਮੀਦਵਾਰ ਹੀ ਨਹੀਂ ਮਿਲ ਰਹੇ। ਇਸ ਲਈ ਅਕਾਲੀ ਦਲ ਵੱਲੋਂ ਧੱਕੇਸ਼ਾਹੀ ਦਾ ਬਹਾਨਾ ਬਣਾ ਕੇ ਚੋਣਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ।


 

ਕਾਂਗਰਸੀ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਅਸਲ ਵਿੱਚ ਅਕਾਲੀ ਦਲ ਦੇ ਚੋਣ ਨਿਸ਼ਾਨ ਤੋਂ ਕੋਈ ਵੀ ਚੋਣ ਨਹੀਂ ਲੜਨਾ ਚਾਹੁੰਦਾ। ਇਸ ਲਈ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਲੱਭ ਰਹੇ ਪਰ ਇਲਜ਼ਾਮ ਸਰਕਾਰ 'ਤੇ ਲਾਏ ਜਾ ਰਹੇ ਹਨ।

ਬਾਜਵਾ ਨੇ ਕਿਹਾ ਕਿ ਅਕਾਲੀ ਦਲ ਆਪਣਾ ਵੱਕਾਰ ਬਹਾਲ ਕਰਨ ਲਈ ਵਾਰ-ਵਾਰ ਰੈਲੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਲੋਕ ਹੁਣ ਅਕਾਲੀ ਦਲ ਨੂੰ ਵੇਖਣਾ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਖੁਦ ਆਪਣੀ ਸਰਕਾਰ ਦੌਰਾਨ ਧੱਕਾ ਕਰਦਾ ਆਇਆ ਹੈ ਪਰ ਕਾਂਗਰਸ ਇਨ੍ਹਾਂ ਮੁੱਦਿਆਂ ਦੀ ਸਿਆਸਤ ਨਹੀਂ ਕਰਦੀ।

ਬਾਜਵਾ ਨੇ ਕਿਹਾ ਕਿ 'ਆਪ' ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦੇ ਅਸਤੀਫੇ ਦਾ ਸਰਕਾਰ 'ਤੇ ਕੋਈ ਦਬਾਅ ਨਹੀਂ। ਉਨ੍ਹਾਂ ਕਿਹਾ ਕਿ ਫੂਲਕਾ ਪਹਿਲਾਂ ਹੀ ਸਿਆਸਤ ਵਿੱਚੋਂ ਬਾਹਰ ਜਾਣ ਦਾ ਰਸਤਾ ਲੱਭ ਰਹੇ ਸੀ ਕਿਉਂਕਿ ਉਹ ਸਿਆਸਤ ਵਿੱਚ ਫਿੱਟ ਨਹੀਂ ਬੈਠ ਰਹੇ। ਉਹ ਚੰਗੇ ਵਕੀਲ ਹਨ ਪਰ ਸਿਆਸਤ ਉਨ੍ਹਾਂ ਦੇ ਵੱਸ ਦੀ ਖੇਡ ਨਹੀਂ।