ਫ਼ਹਤਿਗੜ੍ਹ ਸਾਹਿਬ: ਵਿੱਦਿਅਕ ਵੀਜ਼ਾ 'ਤੇ ਕੈਨੇਡਾ ਪੜ੍ਹਨ ਗਏ ਮੰਡੀ ਗੋਬਿੰਦਗੜ੍ਹ ਦੇ ਵਿਦਿਆਰਥੀ ਦੀ ਉੱਥੇ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦੀ ਖ਼ਬਰ ਹੈ। 25 ਸਾਲਾ ਅਜੇਸ਼ ਚੋਪੜਾ ਬੀਤੇ ਹਫ਼ਤੇ ਤੋਂ ਲਾਪਤਾ ਸੀ ਅਤੇ ਬੀਤੀ ਰਾਤ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ।
ਅਜੇਸ਼ ਨੇ ਡੇਢ ਸਾਲ ਪਹਿਲਾਂ ਬਰੈਂਪਟਨ ਦੇ ਵਿੰਡਸਰ ਵਿੱਚ ਸੇਂਟ ਕਲੇਅਰ ਕਾਲਜ ਵਿੱਚ ਦਾਖ਼ਲਾ ਲਿਆ ਸੀ। ਛੇ ਸਤੰਬਰ 2018 ਨੂੰ ਅਜੇਸ਼ ਲਾਪਤਾ ਹੋ ਗਿਆ ਸੀ। ਕੈਨੇਡਾ ਪੁਲਿਸ ਉਸ ਦੀ ਭਾਲ ਕਰ ਰਹੀ ਸੀ। 12 ਸਤੰਬਰ ਦੀ ਰਾਤ ਭਾਰਤੀ ਵਿਦੇਸ਼ ਮੰਤਰਾਲੇ ਤੇ ਕੈਨੇਡਾ ਪੁਲਿਸ ਵੱਲੋਂ ਭੇਜੀ ਅਜੇਸ਼ ਦੀ ਮੌਤ ਨੂੰ ਤਸਦੀਕ ਕਰਦੀ ਚਿੱਠੀ ਉਸ ਦੇ ਪਰਿਵਾਰ ਨੂੰ ਮਿਲੀ।
ਅਜੇਸ਼ ਚੋਪੜਾ ਦੇ ਮਾਪਿਆਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਆਪਣੇ ਪੁੱਤ ਦੀ ਮ੍ਰਿਤਕ ਦੇਹ ਛੇਤੀ ਭਾਰਤ ਮੰਗਵਾਉਣ ਦੀ ਅਪੀਲ ਕੀਤੀ ਹੈ। ਪੁੱਤ ਦੀ ਮੌਤ ਕਾਰਨ ਪਰਿਵਾਰ ਹਾਲੇ ਸਦਮੇ ਵਿੱਚ ਹੈ ਤੇ ਮੀਡੀਆ ਨਾਲ ਕੋਈ ਖ਼ਾਸ ਗੱਲਬਾਤ ਨਹੀਂ ਕਰ ਪਾ ਰਿਹਾ।