ਜਲੰਧਰ: ਬੀਜੇਪੀ ਨੂੰ ਅਲਵਿਦਾ ਕਹਿ ਕਾਂਗਰਸ 'ਚ ਜਾਣ ਤੋਂ ਬਾਅਦ ਸਿੱਧੂ ਜੋੜਾ ਬੀਜੇਪੀ ਦੇ ਨਿਸ਼ਾਨੇ 'ਤੇ ਹੈ। ਇਸ ਤੋਂ ਪਹਿਲਾਂ ਸਿੱਧੂ ਜੋੜੇ ਬਾਰੇ ਕੋਈ ਵੀ ਸਵਾਲ ਪੁੱਛੇ ਜਾਣ 'ਤੇ ਚੁੱਪ ਰਹਿਣ ਵਾਲੀ ਬੀਜੇਪੀ ਨੇ ਹੁਣ ਖੁੱਲ੍ਹ ਕੇ ਸਿੱਧੂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਨੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਨਵਜੋਤ ਕੌਰ ਸਿੱਧੂ ਵੱਲੋਂ ਦਿੱਤੇ ਬਿਆਨਾਂ ਦੀ ਇੱਕ ਵੀਡੀਓ ਡਾਕੂਮੈਂਟਰੀ ਬਣਾ ਦਿੱਤੀ ਹੈ। ਜਲੰਧਰ 'ਚ ਬੀਜੇਪੀ ਦੇ ਪ੍ਰੈਸ ਸੈਕਟਰੀ ਅਮਿਤ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰ ਇਹ ਡਾਕੂਮੈਂਟਰੀ ਮੀਡੀਆ ਨੂੰ ਦਿਖਾਈ। ਇਸ 3 ਮਿੰਟ 52 ਸੈਕੇਂਡ ਦੀ ਡਾਕੂਮੈਂਟਰੀ 'ਚ ਜਿਆਦਾਤਰ ਨਵਜੋਤ ਕੌਰ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਦਿੱਤੇ ਬਿਆਨਾਂ ਨੂੰ ਦਿਖਾਇਆ ਗਿਆ ਹੈ। ਬੀਜੇਪੀ ਦੇ ਸੋਸ਼ਲ ਮੀਡੀਆ ਸੈੱਲ ਵੱਲੋਂ ਬਣਾਈ ਇਸ ਡਾਕੂਮੈਂਟਰੀ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ। ਇੱਥੇ ਅਮਿਤ ਅਰੋੜਾ ਨੇ ਨਵਜੋਤ ਕੌਰ ਸਿੱਧੂ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਦਾ ਭੁੱਖਾ ਕਰਾਰ ਦਿੰਦੇ ਰਹੇ, ਪਰ ਹੁਣ ਖੁਦ ਉਨ੍ਹਾਂ ਨਾਲ ਜਾ ਜੁੜੇ ਹਨ, ਕੀ ਉਹ ਖੁਦ ਕੁਰਸੀ ਦੀ ਭੁੱਖੀ ਹਨ ?