ਚੰਡੀਗੜ੍ਹ: ਮਹਾਨ ਚਿੱਤਰਕਾਰ ਸੋਭਾ ਸਿੰਘ ਦਾ ਜਨਮ 29 ਨਵੰਬਰ, 1901 ਨੂੰ ਗੁਰਦਾਸਪੁਰ ਦੇ ਪਿੰਡ ਹਰਗੋਬਿੰਦਪੁਰਾ 'ਚ ਹੋਇਆ। ਉਨ੍ਹਾਂ ਨੂੰ ਖਾਸ ਕਰਕੇ ਸਿੱਖ ਗੁਰੂ ਸਾਹਿਬਾਨ ਦੀਆਂ ਪੇਂਟਿੰਗਜ਼ ਬਣਾਉਣ ਕਰਕੇ ਪ੍ਰਸਿੱਧੀ ਮਿਲੀ ਸੀ। ਅੰਮ੍ਰਿਤਸਰ ਦੇ ਇੱਕ ਸਕੂਲ 'ਚ ਆਰਟ ਐਂਡ ਕਰਾਫਟ ਦੀ ਵਿੱਦਿਆ ਹਾਸਲ ਕਰਨ ਵਾਲੇ ਸੋਭਾ ਸਿੰਘ ਨੇ 1919 ਦਾ ਜਲ੍ਹਿਆਂਵਾਲਾ ਬਾਗ ਦਾ ਸਾਕਾ ਆਪਣੇ ਅੱਖੀਂ ਵੇਖਿਆ ਸੀ।
ਭਾਰਤੀ ਸੈਨਾ 'ਚ ਮਾਨਚਿੱਤਰਕਾਰ ਵਜੋਂ ਉਨ੍ਹਾਂ ਬਗਦਾਦ 'ਚ ਡਿਊਟੀ ਕੀਤੀ। 1923 'ਚ ਫੌਜ ਦੀ ਨੌਕਰੀ ਛੱਡ ਕੇ ਸੋਭਾ ਸਿੰਘ ਨੇ ਆਜ਼ਾਦ ਚਿੱਤਰਕਾਰ ਵਜੋਂ ਆਪਣੀ ਕਲਾ ਉਭਾਰਨੀ ਸ਼ੁਰੂ ਕੀਤੀ। ਉਨ੍ਹਾਂ ਸ਼ੁਰੂਆਤ ਅੰਮ੍ਰਿਤਸਰ ਦੇ ਮਾਈ ਸੇਵਾ ਬਾਜ਼ਾਰ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਲਾਹੌਰ ਤੇ ਦਿੱਲੀ 'ਚ ਵੀ ਆਪਣੇ ਸਟੂਡੀਓ ਬਣਾ ਲਏ।
1949 'ਚ ਸੋਭਾ ਸਿੰਘ ਪੱਕੇ ਤੌਰ 'ਤੇ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਪਿੰਡ ਅੰਦਰੇਟੇ ਜਾ ਕੇ ਵੱਸ ਗਏ। ਇੱਥੇ ਖੂਬਸੂਰਤ ਵਾਦੀਆਂ 'ਚ ਗੁਜ਼ਾਰੇ 38 ਸਾਲ ਉਨ੍ਹਾਂ ਦੀ ਜ਼ਿੰਦਗੀ ਦਾ Productive Period ਹੋ ਨਿਬੜਿਆ ਜਿਸ ਦੌਰਾਨ ਉਨ੍ਹਾਂ 100 ਤੋਂ ਵੱਧ ਚਿੱਤਰ ਬਣਾਏ। ਸੋਭਾ ਸਿੰਘ ਨੇ ਸਿੱਖ ਇਤਿਹਾਸ ਖਾਸ ਕਰਕੇ ਸਿੱਖ ਗੁਰੂਆਂ ਨਾਲ ਸਬੰਧਤ ਚਿੱਤਰ, ਪੰਜਾਬ ਦੀਆਂ ਪ੍ਰੇਮ ਕਹਾਣੀਆਂ ਤੇ ਭਾਰਤੀ ਸੰਸਕ੍ਰਿਤੀ ਨੂੰ ਬਾਖੂਬੀ ਦਰਸਾਉਂਦੇ ਚਿੱਤਰ ਬਣਾਏ।
ਉਹ ਆਇਲ ਪੇਟਿੰਗ ਦੀ ਵੈਸਟਰਨ ਕਲਚਰ ਕਲਾਸੀਕਲ ਤਕਨੀਕ ਦੀ ਵਰਤੋਂ ਕਰਦੇ ਸਨ। ਸੋਭਾ ਸਿੰਘ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੀ ਜ਼ਿੰਦਗੀ ਨੂੰ ਦਰਸਾਉਂਦੇ ਚਿਤਰ ਦੁਨੀਆ ਭਰ 'ਚ ਬਹੁਤ ਮਕਬੂਲ ਹੋਏ। ਸੋਭਾ ਸਿੰਘ ਨੂੰ ਪਦਮ ਸ੍ਰੀ ਤੇ ਸਟੇਟ ਆਰਟਿਸਟ ਆਫ ਪੰਜਾਬ ਸਰਕਾਰ ਸਮੇਤ ਕਈ ਸਨਮਾਨਾਂ ਨਾਲ ਨਵਾਜਿਆ ਗਿਆ। ਕਲਾਕਾਰੀ ਦੇ ਵੱਖ-ਵੱਖ ਰੰਗ ਚਿਤਰਦਿਆਂ ਸੋਭਾ ਸਿੰਘ ਨੇ 21 ਅਗਸਤ, 1986 ਨੂੰ ਇਸ ਦੁਨੀਆ ਨੂੰ ਅਲਵਿਦਾ ਕਿਹਾ। ਸੋਭਾ ਸਿੰਘ ਦੀਆਂ ਪੇਂਟਿੰਗਜ਼ ਅੰਦਰੇਟੇ ਸਥਿਤ ਉਨ੍ਹਾਂ ਦੀ ਆਰਟ ਗੈਲਰੀ 'ਚ ਪ੍ਰਦਰਸ਼ਿਤ ਕੀਤੀਆਂ ਹੋਈਆਂ ਹਨ।