ਬੰਗਾ: ਕਰਜ਼ ਦੀ ਮਾਰ ਨੇ ਇੱਕ ਹੋਰ ਕਿਸਾਨ ਨਿਗਲ ਲਿਆ ਹੈ। ਖਬਰ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਬੰਗਾ ਨੇੜਲੇ ਪਿੰਡ ਕੰਗਰੋੜ ਤੋਂ ਹੈ। ਇੱਥੇ ਕਰਜ਼ੇ ਦੀ ਮਾਰ ਦੇ ਕਾਰਨ ਇੱਕ ਕਿਸਾਨ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਕਿਸਾਨ ਘੱਟ ਜਮੀਨ ਦਾ ਮਾਲਕ ਸੀ। ਪਰ ਉਸ ਦੇ ਸਿਰ ਲੱਖਾਂ ਦਾ ਕਰਜ਼ ਸੀ। ਇਸ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ।

ਜਾਣਕਾਰੀ ਮੁਤਾਬਕ ਪਿੰਡ ਕੰਗਰੋੜ ਦੇ 55 ਸਾਲਾ ਕਿਸਾਨ ਰਣਜੀਤ ਸਿੰਘ ਕੋਲ ਘੱਟ ਜਮੀਨ ਹੋਣ ਕਾਰਨ ਇੰਨੀ ਜਮੀਨ ਤੋਂ ਹੋ ਰਹੀ ਆਮਦਨ ਨਾਲ ਘਰ ਦਾ ਗੁਜਾਰਾ ਹੀ ਮੁਸ਼ਕਲ ਨਾਲ ਚੱਲਦਾ ਸੀ। ਉਹ ਮਜਬੂਰਨ ਕਰਜਾ ਚੁੱਕ ਕੇ ਖੇਤੀ ਕਰ ਰਿਹਾ ਸੀ ਤੇ ਘਰ ਦਾ ਗੁਜਾਰਾ ਕਰਦਾ ਸੀ। ਇਸ ਦੇ ਚੱਲਦੇ ਬੈਂਕ, ਸੁਸਾਇਟੀ ਤੇ ਆੜਤੀ ਦਾ ਲੱਖਾ ਰੁਪਏ ਕਰਜ ਸਿਰ ਚੜ ਗਿਆ ਸੀ। ਕਰਜ਼ ਲਗਾਤਾਰ ਵਧ ਰਿਹਾ ਸੀ ਪਰ ਇਸ ਨੂੰ ਚੁਕਾਉਣ ਦਾ ਕੋਈ ਵੀ ਰਾਸਤਾ ਨਜ਼ਰ ਨਹੀਂ ਆ ਰਿਹਾ ਸੀ। ਅਜਿਹੇ ‘ਚ ਕੋਈ ਹੋਰ ਰਾਸਤਾ ਨਜ਼ਰ ਨਾ ਆਉਂਦਾ ਦੇਖ ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਰਣਜੀਤ ਸਿੰਘ ਨੇ ਜ਼ਹਿਰ ਨਿਗਲ ਕੇ ਆਪਣੀ ਜਿੰਦਗੀ ਖਤਮ ਕਰ ਲਈ।