ਚੰਡੀਗੜ੍ਹ: ਸੰਗਰੂਰ ਜਿਲ੍ਹੇ ਦੇ ਪਿੰਡ ਜਲੂਰ ’ਚ ਵਾਪਰੇ ਦਲਿਤ ਕਤਲ ਕਾਂਡ ’ਚ ਜਾਨ ਗੁਵਾਉਣ ਵਾਲੀ ਬਜ਼ੁਰਗ ਔਰਤ ਗੁਰਦੇਵ ਕੌਰ ਦਾ ਉਨ੍ਹਾਂ ਦੇ ਪਿੰਡ ਸਸਕਾਰ ਕਰ ਦਿੱਤਾ। ਇਸ ਮੌਕੇ ਵੱਖ-ਵੱਖ ਜਥੇਬੰਦੀ ਦੇ ਆਗੂਆਂ ਨੇ ਆਪਣੇ ਹਥਿਆਰਾਂ ਨਾਲ ਰੋਹ ਭਰਭੂਰ ਖਾੜਕੂ ਮੁਜ਼ਾਹਰਾ ਕਰਦਿਆਂ ਧਨਾਢ ਚੌਧਰੀਆਂ ਨੂੰ ਵੰਗਰਿਆ।

 

ਜ਼ਿਕਰਯੋਗ ਹੈ ਕਿ ਪੇਂਡੂ ਮਜ਼ਦੂਰ ਯੂਨੀਅਨ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪਿਛਲੇ ਸਾਲਾਂ ਤੋਂ ਪੰਚਾਇਤੀ ਜ਼ਮੀਨ ਵਿੱਚੋਂ ਦਲਿਤਾਂ ਦੀ ਬਣਦੀ ਤੀਜੇ ਹਿੱਸੇ ਦੀ ਜ਼ਮੀਨ ਅਮਲੀ ਰੂਪ ਵਿੱਚ ਠੇਕੇ ’ਤੇ ਦਿਵਾਉਣ ਲਈ ਜਮਹੂਰੀ ਢੰਗ ਨਾਲ ਸੰਘਰਸ਼ ਕਰਦੀ ਆ ਰਹੀ ਹੈ। ਇਸੇ ਸੰਘਰਸ਼ ਦੇ ਸਿੱਟੇ ਵਜੋਂ ਪਿੰਡ ਜਲੂਰ ਵਿੱਚ ਜ਼ਮੀਨ ਦੀ ਬੋਲੀ ਦੇ ਮਾਮਲੇ ਵਿੱਚ ਰੱਖੇ ਮਜ਼ਦੂਰਾਂ ਦੇ ਇਕੱਠ ਦੌਰਾਨ ਪਿੰਡ ਦੇ ਕਥਿਤ ਧਨਾਢ ਚੌਧਰੀਆਂ ਨੇ ਮਜ਼ਦੂਰਾਂ ’ਤੇ ਜਾਨ ਲੇਵਾ ਹਮਲੇ ਕਰਕੇ ਉਨ੍ਹਾਂ ਦੇ ਵਾਹਨਾਂ ਦੀ ਭੰਨਤੋੜ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਕਤਲ ਕਰਨ ਦੀ ਨੀਅਤ ਨਾਲ ਕੁੱਟਿਆ ਮਾਰਿਆ ਵੀ।

ਇਸ ਕਾਤਲਾਨਾ ਹਮਲੇ ਵਿੱਚ ਪਿੰਡ ਦੀ ਇੱਕ ਬਜ਼ੁਰਗ ਔਰਤ ਗੁਰਦੇਵ ਕੌਰ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਹ ਕਈ ਦਿਨ ਜਿੰਦਗੀ ਮੌਤ ਵਿਚਕਾਰ ਲੜਾਈ ਲੜਦੀ ਜਿੰਦਗੀ ਹੱਥੋਂ ਹਾਰ ਗਈ। ਇਨਸਾਫ਼ ਲਈ ਸੰਘਰਸ਼ਕਾਰੀ ਨੇ ਐਲਾਨ ਕੀਤਾ ਹੋਇਆ ਸੀ ਕਿ ਜਦੋਂ ਇਨਸਾਫ਼ ਨਹੀਂ ਮਿਲਦਾ, ਸਾਰੇ ਦੋਸੀ ਫੜੇ ਨਹੀਂ ਜਾਂਦੇ, ਉਸ ਵੇਲੇ ਤੱਕ ਗੁਰਦੇਵ ਕੌਰ ਦਾ ਅੰਤਮ ਸੰਸਕਾਰ ਨਹੀਂ ਕੀਤਾ ਜਾਵੇ।

 

ਪਿਛਲੇ 2 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਇਹੀ ਹਾਲਤ ਰਹੇ ਤਾਂ ਲੋਕਾਂ ਦੇ ਵਧਦੇ ਦਬਾਅ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਾਂ ਮੰਨੀਆਂ ਤਾਂ ਸੰਘਰਸ਼ਕਾਰੀ ਜਥੇਬੰਦੀਆਂ ਨੇ ਜਲੂਰ ਪਿੰਡ ਵਿੱਚ ਗੁਰਦੇਵ ਕੌਰ ਦਾ ਅੰਤਮ ਸੰਸਕਾਰ ਕੀਤਾ। ਇਸ ਮੌਕੇ ਜਥੇਬੰਦੀ ਦੇ ਆਗੂ ਆਪਣੇ ਹਥਿਆਰਾਂ ਨਾਲ ਲੈਸ ਸਨ ਜਿਨ੍ਹਾਂ ਨੇ ਪਿੰਡ ਦੇ ਚੌਧਰੀਆਂ ਦੇ ਹੰਕਾਰ ਨੂੰ ਵੰਗਾਰਿਆ।