ਇਸਲਾਮਾਬਾਦ : ਪਾਕਿਸਤਾਨ ਨੇ ਐੱਲਓਸੀ 'ਤੇ ਵਧੇ ਤਣਾਅ ਦੇ ਮੱਦੇਨਜ਼ਰ ਭਾਰਤ ਤੋਂ ਸਬਜ਼ੀਆਂ ਸਹਿਤ ਕਪਾਹ ਤੇ ਹੋਰ ਖੇਤੀ ਉਪਜਾਂ ਦੀ ਬਰਾਮਦ ਰੋਕ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਡਿਪਾਰਟਮੈਂਟ ਆਫ ਪਲਾਂਟ ਪ੍ਰੋਟੈਕਸ਼ਨ (ਡੀਪੀਪੀ) ਦੇ ਅਫਸਰਾਂ ਨੇ ਕਿਹਾ ਹੈ ਕਿ ਭਾਰਤ ਤੋਂ ਖੇਤੀ ਉਪਜਾਂ ਦੀ ਜੋ ਦਰਾਮਦ ਵਾਹਗਾ ਬਾਰਡਰ ਅਤੇ ਕਰਾਚੀ ਪੋਰਟ ਰਾਹੀਂ ਹੁੰਦੀ ਹੈ, ਉਸ ਨੂੰ ਰੋਕ ਦਿੱਤਾ ਗਿਆ ਹੈ ਤੇ ਭਵਿੱਖੀ ਦਰਾਮਦ ਲਈ ਪਰਮਿਟ ਜਾਰੀ ਕਰਨ ਦਾ ਕੰਮ ਵੀ ਰੋਕ ਦਿੱਤਾ ਗਿਆ ਹੈ।


ਡਾਅਨ ਨੇ ਰਿਪੋਰਟ ਦਿੱਤੀ ਹੈ ਕਿ ਕਾਟਨ ਇੰਪੋਰਟਰਜ਼ ਐਂਡ ਕਸਟਮਜ਼ ਕਲੀਅਰਿੰਗ ਏਜੰਟਾਂ ਨੇ ਦਾਅਵਾ ਕੀਤਾ ਹੈ ਕਿ ਵਿਭਾਗ ਨੇ ਬਿਨਾਂ ਕਿਸੇ ਚਿਤਾਵਨੀ ਜਾਂ ਲਿਖਤੀ ਹੁਕਮ ਦੇ ਭਾਰਤ ਤੋਂ ਖੇਤੀ ਵਸਤਾਂ ਦੀ ਦਰਾਮਦ ਰੋਕ ਦਿੱਤੀ ਗਈ ਹੈ। ਕੌਮੀ ਖੁਰਾਕ ਸੁਰੱਖਿਆ ਤੇ ਖੋਜ ਮੰਤਰਾਲੇ ਦੇ ਸੁਬਾਰਡੀਨੇਟ ਮਹਿਕਮੇ ਡੀਪੀਪੀ ਦੇ ਮੁਖੀ ਇਮਰਾਨ ਸ਼ੰਮੀ ਨੇ ਕਿਹਾ ਕਿ ਫਿਰ ਵੀ ਮੰਤਰਾਲਾ ਇਸ ਕਦਮ ਦੇ ਅਸਰਾਂ ਨੂੰ ਘੋਖ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਭਾਰਤ ਤੋਂ ਤਾਜ਼ਾ ਸਬਜ਼ੀਆਂ ਤੇ ਟਮਾਟਰਾਂ ਦੀ ਦਰਾਮਦ 'ਤੇ ਰੋਕ ਲਗਾਈ ਹੈ।

ਸਾਡੇ ਕੋਲ ਤਾਜ਼ਾ ਸਬਜ਼ੀਆਂ ਤੇ ਟਮਾਟਰਾਂ ਦਾ ਵਾਧੂ ਸਟਾਕ ਹੈ। ਇਹ ਵੱਖਰੀ ਗੱਲ ਹੈ ਕਿ ਜਦ ਇਨ੍ਹਾਂ ਦੀ ਘਾਟ ਹੋ ਜਾਂਦੀ ਹੈ ਤਾਂ ਪਾਕਿਸਤਾਨ ਭਾਰਤ ਤੋਂ ਇਨ੍ਹਾਂ ਦੀ ਦਰਾਮਦ ਕਰਦਾ ਹੈ। ਉਂਝ ਕਪਾਹ ਦੀ ਦਰਾਮਦ ਰੋਕਣ ਪਿੱਛੇ ਵੱਖਰੇ ਕਾਰਨ ਹਨ। ਫਿਰ ਵੀ ਸ਼ੰਮੀ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਭਾਰਤ ਤੋਂ ਕਾਟਨ ਦੀ ਦਰਾਮਦ ਰੋਕੀ ਗਈ ਹੈ। ਇਸ ਵਿਚ ਸਿਰਫ ਖੜੌਤ ਆਈ ਹੈ ਕਿਉਂਕਿ ਭਾਰਤੀ ਬਰਾਮਦਕਾਰ ਸਾਡੀਆਂ ਭੂਗੋਲਿਕ ਸੁਰੱਖਿਆ ਸ਼ਰਤਾਂ 'ਤੇ ਖਰੇ ਨਹੀਂ ਉਤਰ ਰਹੇ। ਉਨ੍ਹਾਂ ਕਿਹਾ ਕਿ ਭਾਰਤੀ ਬਰਾਮਦਕਾਰਾਂ ਤੋਂ ਕਪਾਹ ਦੀਆਂ ਉਨ੍ਹਾਂ ਖੇਪਾਂ ਨੂੰ ਹੀ ਪਾਕਿਸਤਾਨ ਵਿਚ ਆਉਣ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਡੀਪੀਪੀ ਪਰਮਿਟ ਮਿਲਿਆ ਹੋਵੇਗਾ।

ਇਕ ਫੈਕਟਰੀ ਦਰਾਮਦਕਾਰ ਨੇ ਦੱਸਿਆ ਕਿ ਵੀਰਵਾਰ ਨੂੰ ਭਾਰਤ ਤੋਂ ਕਪਾਹ ਦੇ 11 ਟਰੱਕਾਂ ਨੂੰ ਪਾਕਿਸਤਾਨ ਵਿਚ ਦਾਖਲ ਹੋਣ ਦਿੱਤਾ ਗਿਆ। ਇਸ ਮਗਰੋਂ ਭਾਰਤ ਤੋਂ ਕਪਾਹ ਦੀ ਦਰਾਮਦ 'ਤੇ ਰੋਕ ਲੱਗ ਗਈ। ਉਸ ਨੇ ਕਿਹਾ ਕਿ ਸਾਡੀਆਂ ਕਪਾਹ ਖੇਪਾਂ ਨੂੰ ਪਾਕਿਸਤਾਨ ਨਹੀਂ ਆਉਣ ਦਿੱਤਾ ਜਾ ਰਿਹਾ। ਉਸ ਨੇ ਕਿਹਾ ਕਿ ਭਾਰਤ ਤੋਂ ਕਪਾਹ ਦੀ ਦਰਾਮਦ ਰੁਕਣ ਨਾਲ ਟੈਕਸਟਾਈਲ ਐਕਸਪੋਰਟਰਜ਼ ਲਈ ਵੱਡੀ ਸਮੱਸਿਆ ਪੈਦਾ ਹੋ ਜਾਵੇਗੀ ਕਿਉਂਕਿ ਇਸ ਸਾਲ ਪਾਕਿਸਤਾਨ ਵਿਚ 11.25 ਮਿਲੀਅਨ ਕਪਾਹ ਗੰਢਾਂ ਦੀ ਪੈਦਾਵਾਰ ਹੋਣ ਦਾ ਅਨੁਮਾਨ ਹੈ।

ਇਹ ਪਾਕਿਸਤਾਨ ਦੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਦੇ ਅਸਮਰੱਥ ਹੋਣਗੀਆਂ ਭਾਵੇਂ ਕਿ ਫਸਲ ਦਾ ਟੀਚਾ ਹਾਸਲ ਕਰ ਵੀ ਲਿਆ ਜਾਵੇ। ਸਨਅਤ ਨੂੰ 14 ਮਿਲੀਅਨ ਕਪਾਹ ਗੰਢਾਂ ਦੀ ਜ਼ਰੂਰਤ ਹੈ। ਉਸ ਨੇ ਕਿਹਾ ਕਿ ਭਾਰਤ ਤੋਂ ਕਪਾਹ ਦਰਾਮਦ ਰੁਕਣ ਕਾਰਨ ਪਾਕਿਸਤਾਨ ਵਿਚ ਕਪਾਹ ਦੇ ਭਾਅ ਵਧ ਜਾਣਗੇ ਜੋ ਸਾਡੇ ਤੇ ਮਗਰੋਂ ਗਾਹਕਾਂ ਲਈ ਸਮੱਸਿਆ ਖੜ੍ਹੀ ਕਰਨਗੇ।

ਪਾਕਿਸਤਾਨ ਨੇ ਬੀਤੇ ਸਾਲ ਕਪਾਹ ਦੀ ਫਸਲ ਖਰਾਬ ਹੋਣ ਕਾਰਨ 2015-16 ਵਿਚ ਭਾਰਤ ਤੋਂ ਕਰੀਬ 40 ਫੀਸਦੀ ਕਪਾਹ ਅਰਥਾਤ 2.7 ਮਿਲੀਅਨ ਕਪਾਹ ਗੰਢਾਂ (ਇਕ ਗੰਢ ਵਿਚ 170 ਕਿਲੋਗ੍ਰਾਮ) ਦੀ ਦਰਾਮਦ ਕੀਤੀ ਸੀ। ਇਸ ਸਾਲ ਵੀ ਉਮੀਦ ਹੈ ਕਿ ਸਨਅਤ 2 ਮਿਲੀਅਨ ਕਪਾਹ ਗੰਢਾਂ ਦੀ ਦਰਾਮਦ ਕਰੇਗੀ।